ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਤਰੀਕ ਸਾਹਮਣੇ ਆ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ 18ਵੀਂ ਲੋਕ ਸਭਾ ਦਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ। ਜਦੋਂ ਕਿ ਉੱਪਰਲੇ ਸਦਨ ਯਾਨੀ ਰਾਜ ਸਭਾ ਦਾ ਸੈਸ਼ਨ 27 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋਵਾਂ ਸਦਨਾਂ ਦੀ ਕਾਰਵਾਈ 3 ਜੁਲਾਈ ਤੱਕ ਚੱਲੇਗੀ।
ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ ਤੋਂ ਬਾਅਦ ਬਜਟ ਲਈ ਵੱਖਰਾ ਸੈਸ਼ਨ ਬੁਲਾਇਆ ਜਾਵੇਗਾ। ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸਰਕਾਰ 22 ਜੁਲਾਈ ਨੂੰ ਬਜਟ ਪੇਸ਼ ਕਰ ਸਕਦੀ ਹੈ।
ਵਿਸ਼ੇਸ਼ ਸੈਸ਼ਨ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੀ ਸਹੁੰ ਵੀ ਚੁਕਾਈ ਜਾਵੇਗੀ। ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਸੰਸਦ ‘ਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸਦਨ ‘ਚ ਚਰਚਾ ਸ਼ੁਰੂ ਹੋਵੇਗੀ।
ਵਿਸ਼ੇਸ਼ ਸੈਸ਼ਨ ਵਿੱਚ ਹੋਣਗੀਆਂ ਕੁੱਲ 8 ਮੀਟਿੰਗਾਂ
ਦੱਸਿਆ ਜਾ ਰਿਹਾ ਹੈ ਕਿ ਸੰਸਦ ਦਾ ਇਹ ਸੈਸ਼ਨ ਛੋਟਾ, ਪਰ ਬਹੁਤ ਮਹੱਤਵਪੂਰਨ ਹੋਵੇਗਾ। ਇਸ ਦੌਰਾਨ ਲੋਕ ਸਭਾ ਦੇ ਨਵੇਂ ਸਪੀਕਰ ਦੀ ਚੋਣ ਵੀ ਹੋਣੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਕੁੱਲ ਅੱਠ ਮੀਟਿੰਗਾਂ ਹੋਣਗੀਆਂ। ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਪੀਕਰ ਦੀ ਚੋਣ ਕੀਤੀ ਜਾਵੇਗੀ। ਫਿਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਕੀਤੀ ਜਾਵੇਗੀ।
ਕਿਵੇਂ ਹੋਏਗੀ ਲੋਕ ਸਭਾ ਸਪੀਕਰ ਦੀ ਚੋਣ
ਨਿਯਮਾਂ ਮੁਤਾਬਕ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਕੇਂਦਰ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਕਿਸੇ ਨਾਂ ਦਾ ਪ੍ਰਸਤਾਵ ਕੀਤਾ ਜਾਵੇਗਾ। ਜੇ ਵਿਰੋਧੀ ਧਿਰ ਸਰਕਾਰ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲੈਂਦੀ ਹੈ ਤਾਂ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਜੇ ਸਹਿਮਤੀ ਨਹੀਂ ਬਣੀ ਤਾਂ ਵਿਰੋਧੀ ਧਿਰ ਆਪਣੇ ਪਾਸਿਓਂ ਉਮੀਦਵਾਰ ਖੜ੍ਹਾ ਕਰ ਸਕਦੀ ਹੈ। ਫਿਰ ਵੋਟਿੰਗ ਦੇ ਆਧਾਰ ‘ਤੇ ਸਪੀਕਰ ਦੀ ਚੋਣ ਕੀਤੀ ਜਾਵੇਗੀ।
ਮੋਦੀ ਸਰਕਾਰ 3.0 ਦਾ ਪਹਿਲਾ ਬਜਟ
ਸੂਤਰਾਂ ਮੁਤਾਬਕ ਸੰਸਦ ਦਾ ਦੂਜਾ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ ਅਤੇ 9 ਅਗਸਤ ਤੱਕ ਚੱਲੇਗਾ। ਇਸ ਦੌਰਾਨ ਆਮ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਹੋਵੇਗਾ। ਕੇਂਦਰ ਸਰਕਾਰ ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਵੀ ਪੇਸ਼ ਕਰ ਸਕਦੀ ਹੈ। ਆਰਥਿਕ ਸਰਵੇਖਣ ਤੋਂ ਬਾਅਦ ਬਜਟ ਪੇਸ਼ ਕੀਤਾ ਜਾਵੇਗਾ।