Punjab

ਫਤਿਹਗੜ੍ਹ ਸਾਹਿਬ ‘ਚ ਬਣੇ 1821 ਪੋਲਿੰਗ ਬੂਥ,14 ਉਮੀਦਵਾਰ ਮੈਦਾਨ ‘ਚ, 15 ਲੱਖ 39 ਹਜ਼ਾਰ ਵੋਟਰ

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ‘ਚ ਸ਼ਨੀਵਾਰ ਨੂੰ 15 ਲੱਖ 39 ਹਜ਼ਾਰ 189 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ: ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਅਮਲੋਹ, ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਰਾਏਕੋਟ ਅਤੇ ਅਮਰਗੜ੍ਹ।

ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ ਵੋਟਰ 15 ਲੱਖ 39 ਹਜ਼ਾਰ 189 ਹਨ। ਇਨ੍ਹਾਂ ਵਿੱਚੋਂ ਪੁਰਸ਼ ਵੋਟਰ 8 ਲੱਖ 17 ਹਜ਼ਾਰ 138 ਅਤੇ ਮਹਿਲਾ ਵੋਟਰ 7 ਲੱਖ 22 ਹਜ਼ਾਰ 21 ਹਨ। 30 ਹੋਰ ਵੋਟਰ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।

ਪੋਲਿੰਗ ਪਾਰਟੀਆਂ ਆਪੋ-ਆਪਣੇ ਪੋਲਿੰਗ ਕੇਂਦਰਾਂ ਲਈ ਰਵਾਨਾ ਹੋ ਗਈਆਂ ਹਨ। ਅਧਿਕਾਰੀਆਂ ਵੱਲੋਂ ਪੋਲਿੰਗ ਕਰਮੀਆਂ ਨੂੰ ਵੋਟਿੰਗ ਕਰਵਾਉਣ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਦੱਸ ਦੇਈਏ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਹਨ। ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ।