‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਮਹਾਂਰਾਸ਼ਟਰ ਦੇ ਪੁਣੇ ਤੋਂ ਕੋਰੋਨਾਵਾਇਰਸ ਦੇ ਖੌਫ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਕ 18 ਮਹੀਨਿਆਂ ਦਾ ਬੱਚਾਂ ਦੋ ਦਿਨ ਤੱਕ ਘਰ ਵਿੱਚ ਆਪਣੀ ਮਾਂ ਕੋਲ ਬੈਠਾ ਰਿਹਾ, ਪਰ ਕਿਸੇ ਨੇ ਕੋਰੋਨਾ ਦੇ ਡਰ ਕਾਰਨ ਇਸਦੀ ਸਾਰ ਨਹੀਂ ਲਈ। ਇਸ ਸਥਿਤੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਇਸ ਔਰਤ ਦੇ ਘਰ ਆਈ। ਦੋ ਮਹਿਲਾ ਕਾਂਸਟੇਬਲਾਂ ਨੇ ਅੱਗੇ ਆ ਕੇ ਸਹਾਇਤਾ ਕੀਤੀ ਹੈ। ਇਹ ਘਟਨਾ ਮਹਾਂਰਾਸ਼ਟਰ ਦੇ ਪਿੰਪਰੀ ਚਿੰਚਵਾੜ ਵਿਚ ਸਥਿਤ ਇਕ ਘਰ ਵਿਚ ਵਾਪਰੀ ਹੈ। ਮਕਾਨ ਮਾਲਿਕ ਵਲੋਂ ਪੁਲਿਸ ਨੂੰ ਸੂਚਿਤ ਕਰਨ ਮਗਰੋਂ ਇਸ ਸਾਰੀ ਘਟਨਾ ਦਾ ਖੁਲਾਸਾ ਹੋ ਸਕਿਆ ਹੈ।
ਜਦੋਂ ਪੁਲਿਸ ਘਰ ਆਈ ਤਾਂ ਘਰ ਵਿਚ ਔਰਤ ਦੀ ਲਾਸ਼ ਪਈ ਸੀ ਅਤੇ ਬੱਚਾ ਉਸ ਕੋਲ ਬੈਠਾ ਸੀ। ਮਹਿਲਾ ਪੁਲਿਸ ਕਾਂਸਟੇਬਲ ਸੁਸ਼ੀਲਾ ਗਭਾਲੇ ਅਤੇ ਰੇਖਾ ਵਾਜੇ ਨੇ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਰੋਟੀ ਪਾਣੀ ਦਿੱਤਾ ਹੈ।
ਕਾਂਸਟੇਬਲ ਗਭਾਲੇ ਨੇ ਕਿਹਾ ਕਿ ਬੱਚਾ ਬਹੁਤ ਹੀ ਜਿਆਦਾ ਭੁੱਖਾ ਸੀ ਤੇ ਉਸਨੂੰ ਬੁਖਾਰ ਵੀ ਹੋ ਗਿਆ ਸੀ। ਬੱਚੇ ਦਾ ਕੋਰੋਨਾ ਟੈਸਟ ਵੀ ਕਰਾਇਆ ਗਿਆ ਹੈ, ਜਿਸਦੀ ਰਿਪੋਰਟ ਨੈਗੇਟਿਵ ਆਈ ਹੈ। ਬੱਚੇ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। ਔਰਤ ਦੀ ਮੌਤ ਦੀ ਵਜ੍ਹਾ ਦਾ ਪਤਾ ਲਗਾਇਆ ਜਾ ਰਿਹਾ ਹੈ।