India

ਆਧਾਰ ਦੇ 15 ਸਾਲ: 6 ਕਰੋੜ ਮ੍ਰਿਤਕਾਂ ਦੇ ਕਾਰਡ ਅਜੇ ਵੀ ਸਰਗਰਮ, ਧੋਖਾਧੜੀ ਦਾ ਖ਼ਤਰਾ ਵਧਿਆ

ਨਵੀਂ ਦਿੱਲੀ: ਆਧਾਰ ਕਾਰਡ ਨੂੰ ਜਾਰੀ ਹੋਏ 15 ਸਾਲ ਪੂਰੇ ਹੋ ਗਏ ਹਨ। 2010 ਵਿੱਚ ਸ਼ੁਰੂ ਹੋਇਆ ਇਹ ਪ੍ਰੋਜੈਕਟ ਦੇਸ਼ ਦੇ 1.42 ਅਰਬ ਨਾਗਰਿਕਾਂ ਨੂੰ ਯੂਨੀਕ ਪਛਾਣ ਦਿੰਦਾ ਹੈ, ਪਰ ਇਸ ਵਿੱਚ ਵੱਡੀ ਖਾਮੀ ਸਾਹਮਣੇ ਆਈ ਹੈ। 8 ਕਰੋੜ ਤੋਂ ਵੱਧ ਆਧਾਰ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਪਰ ਸਿਰਫ਼ 1.83 ਕਰੋੜ ਕਾਰਡ ਹੀ ਬੰਦ ਕੀਤੇ ਗਏ ਹਨ। ਲਗਭਗ 6 ਕਰੋੜ ਮ੍ਰਿਤਕਾਂ ਦੇ ਆਧਾਰ ਅਜੇ ਵੀ ਸਰਗਰਮ ਹਨ, ਜਿਸ ਨਾਲ ਬੈਂਕ ਧੋਖਾਧੜੀ, ਜਾਅਲੀ ਖਾਤੇ ਅਤੇ ਸਰਕਾਰੀ ਯੋਜਨਾਵਾਂ ਦੀ ਦੁਰਵਰਤੋਂ ਦਾ ਗੰਭੀਰ ਖ਼ਤਰਾ ਵਧ ਗਿਆ ਹੈ।

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਦੇ ਸੀਈਓ ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਤੋਂ ਹੁਣ ਤੱਕ 1.55 ਕਰੋੜ ਮ੍ਰਿਤਕਾਂ ਦਾ ਡੇਟਾ ਮਿਲਿਆ ਹੈ। ਨਵੰਬਰ 2024 ਤੋਂ ਸਤੰਬਰ 2025 ਵਿਚਕਾਰ 3.8 ਮਿਲੀਅਨ ਹੋਰ ਨਾਂ ਜੋੜੇ ਗਏ। ਇਨ੍ਹਾਂ ਵਿੱਚੋਂ 1.17 ਕਰੋੜ ਦੀ ਪਛਾਣ ਪੱਕੀ ਕਰਕੇ ਕਾਰਡ ਬੰਦ ਕੀਤੇ ਗਏ। ਦਸੰਬਰ ਤੱਕ 2 ਕਰੋੜ ਕਾਰਡ ਬੰਦ ਕਰਨ ਦਾ ਟੀਚਾ ਹੈ।

ਚਾਰ ਮਹੀਨੇ ਪਹਿਲਾਂ UIDAI ਨੇ ਮੌਤ ਜਾਣਕਾਰੀ ਪੋਰਟਲ ਲਾਂਚ ਕੀਤਾ, ਜਿੱਥੇ ਪਰਿਵਾਰਕ ਮੈਂਬਰ ਔਨਲਾਈਨ ਡੀਐਕਟੀਵੇਸ਼ਨ ਕਰ ਸਕਦੇ ਹਨ। ਪਰ ਹੁਣ ਤੱਕ ਸਿਰਫ਼ 3,000 ਲੋਕਾਂ ਨੇ ਜਾਣਕਾਰੀ ਦਰਜ ਕੀਤੀ, ਜਿਨ੍ਹਾਂ ਵਿੱਚੋਂ 500 ਮਾਮਲੇ ਪੱਕੇ ਹੋਏ ਅਤੇ ਕਾਰਡ ਬੰਦ ਕੀਤੇ ਗਏ।

ਭੁਵਨੇਸ਼ ਕੁਮਾਰ ਨੇ ਕਿਹਾ, “2016 ਤੋਂ 8 ਕਰੋੜ ਮੌਤਾਂ ਦਾ ਅਨੁਮਾਨ ਹੈ। ਸਿਵਲ ਰਜਿਸਟ੍ਰੇਸ਼ਨ ਸਿਰਫ਼ 25 ਰਾਜਾਂ ਤੋਂ ਡੇਟਾ ਦਿੰਦੀ ਹੈ। ਸਾਲਾਨਾ ਮੌਤ ਦਰ 5.6 ਮਿਲੀਅਨ ਤੋਂ ਵਧ ਕੇ 8.5 ਮਿਲੀਅਨ ਹੋ ਗਈ।” 4.8 ਮਿਲੀਅਨ ਰਿਕਾਰਡ ਅਜੇ ਬੇਮੇਲ ਹਨ, ਜਿਨ੍ਹਾਂ ਵਿੱਚ ਖੇਤਰੀ ਭਾਸ਼ਾਵਾਂ ਕਾਰਨ ਮੁਸ਼ਕਲ ਆਈ। ਇਸ ਪ੍ਰਕਿਰਿਆ ਵਿੱਚ 80 ਮ੍ਰਿਤਕ ਜ਼ਿੰਦਾ ਪਾਏ ਗਏ, ਜੋ ਜਾਂਚ ਅਧੀਨ ਹਨ।

UIDAI ਡੇਟਾਬੇਸ ਵਿੱਚ 8.3 ਲੱਖ ਲੋਕ 100 ਸਾਲ ਤੋਂ ਵੱਧ ਉਮਰ ਦੇ ਦਿਖਾਈ ਦਿੰਦੇ ਹਨ। ਸਭ ਤੋਂ ਵੱਧ ਮਹਾਰਾਸ਼ਟਰ (74,000), ਯੂਪੀ (67,000), ਆਂਧਰਾ (64,000), ਤੇਲੰਗਾਨਾ (62,000) ਵਿੱਚ। ਰਾਜਾਂ ਨੇ ਸਿਰਫ਼ 3,086 ਮਾਮਲਿਆਂ ਦੀ ਪੁਸ਼ਟੀ ਕੀਤੀ: 629 ਜ਼ਿੰਦਾ, 783 ਮ੍ਰਿਤਕ, 1,674 ਅਣਉਪਲਬਧ।

ਬੈਂਕਾਂ ਤੇ ਰਾਸ਼ਨ ਪ੍ਰਣਾਲੀ ਵਿੱਚ ਵੀ ਬੇਨਿਯਮੀਆਂ ਸਾਹਮਣੇ ਆਈਆਂ। SBI ਦੇ 220 ਮਿਲੀਅਨ ਖਾਤਿਆਂ ਵਿੱਚੋਂ 8 ਲੱਖ ਮ੍ਰਿਤਕ ਖਾਤੇ ਬੰਦ ਕੀਤੇ। PNB ਦੇ 140 ਮਿਲੀਅਨ ਵਿੱਚੋਂ 4 ਲੱਖ ਮੌਤਾਂ ਪੱਕੀਆਂ ਹੋਈਆਂ। PDS ਦੇ 800 ਮਿਲੀਅਨ ਰਾਸ਼ਨ ਕਾਰਡਾਂ ਵਿੱਚੋਂ 4.5 ਲੱਖ ਮ੍ਰਿਤਕ ਸਰਗਰਮ। 20 ਮਿਲੀਅਨ ਪੈਨਸ਼ਨਰਾਂ ਵਿੱਚੋਂ 2.2 ਮਿਲੀਅਨ ਮੌਤਾਂ ਪੱਕੀਆਂ। ਬੀਮਾ ਕੰਪਨੀਆਂ ਕੋਲ 5 ਲੱਖ ਮ੍ਰਿਤਕਾਂ ਦੀ ਜਾਣਕਾਰੀ।