ਟੋਰਾਂਟੋ : ਕੈਨੇਡਾ ‘ਚ ਕਥਿਤ ਤੌਰ ‘ਤੇ ਇੱਕ ਵੱਡੀ ਸੰਗਠਿਤ ਕਾਰਗੋ ਚੋਰੀ ਦੀ ਰਿੰਗ ਚਲਾਉਣ ਦਾ ਪਰਦਾਫਾਸ਼ ਕੀਤਾ ਹੈ। ਇਸ ਕੇਸ ਵਿੱਚ ਕਰਵਾਈ ਕਰਦਿਆਂ ਟੋਰਾਂਟੋ ਕੈਨੇਡੀਅਨ ਪੁਲਿਸ ਨੇ ਭਾਰਤੀ ਮੂਲ ਦੇ 15 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨਾ ਹੀ ਨਹੀਂ ਪੁਲਿਸ ਨੇ ਚੋਰੀ ਹੋਏ ਸਮਾਨ ਸਮੇਤ 9 ਮਿਲੀਅਨ ਡਾਲਰ (ਲਗਭਗ 56 ਕਰੋੜ ਰੁਪਏ) ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਹੈ।
ਪੀਲ ਖੇਤਰੀ ਪੁਲਿਸ ਦੁਆਰਾ ਇੱਕ ਪ੍ਰੈੱਸ ਬਿਆਨ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਕਾਰ ਸਿੰਘ (42), ਅਜੈ ਅਜੈ (26), ਮਨਜੀਤ ਪਾੜਾ (40), ਜਗਜੀਵਨ ਸਿੰਘ (25), ਅਮਨਦੀਪ ਬੈਦਵਾਣ (41), ਕਰਮਸ਼ੰਦ ਸਿੰਘ (58), ਜਸਵਿੰਦਰ ਅਟਵਾਲ (45), ਲਖਵੀਰ ਸਿੰਘ (45), ਜਗਪਾਲ ਸਿੰਘ (34), ਉਪਕਰਨ ਸੰਧੂ (31), ਸੁਖਵਿੰਦਰ ਸਿੰਘ (44), ਕੁਲਵੀਰ ਬੈਂਸ (39), ਬੰਸ਼ੀਧਰ ਲਾਲਸਰਨ (39), ਸ਼ੋਬਿਤ ਵਰਮਾ (23), ਸੁਖਨਿੰਦਰ ਢਿੱਲੋਂ (34) ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਪੰਜਾਬ ਨਾਲ ਸਬੰਧਿਤ ਹਨ। ਇਨ੍ਹਾਂ ਦੀ ਉਮਰ 22 ਤੋਂ 45 ਸਾਲ ਦੇ ਵਿਚਕਾਰ ਸੀ ਅਤੇ ਉਨ੍ਹਾਂ ‘ਤੇ 73 ਦੋਸ਼ ਲਗਾਏ ਗਏ ਸਨ।
ਪੀਲ ਰਿਜਨਲ ਪੁਲੀਸ ਨੇ ਦੱਸਿਆ ਕਿ ਪੀਲ ਰਿਜਨਲ ਨਗਰਪਾਲਕਾ ਖੇਤਰ ਅਤੇ ਗਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਕਈ ਟਰੈਕਟਰ-ਟਰੇਲਰ ਅਤੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਰਚ ਵਿੱਚ ਇੱਕ ਸਾਂਝੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਾਂਚ ਵਿੱਚ ਇਸ ਨੂੰ ‘ਪ੍ਰਾਜੈਕਟ ਬਿੱਗ ਰਿਗ’ ਦਾ ਨਾਂ ਦਿੱਤਾ ਗਿਆ ਅਤੇ ਇਸ ਗਰੋਹ ਦਾ ਪਰਦਾਫਾਸ਼ ਕਰਕੇ ਜੀਟੀਏ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਭਾਰਤੀ ਮੂਲ ਦੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਧਿਕਾਰੀ ਮਾਰਕ ਹੇਅਵੁੱਡ ਨੇ ਦੱਸਿਆ ਕਿ ਮੁਲਜ਼ਮ ਸੜਕ ਕਿਨਾਰਿਓਂ ਟਰੱਕ ਚੋਰੀ ਕਰਦੇ ਸਨ। ਪੀਲ ਪੁਲਿਸ ਦੇ ਜਾਂਚ ਪੜਤਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਪਟੀ ਚੀਫ਼ ਨਿੱਕ ਮਿਲੀਨੋਵਿੱਚ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।