ਚਮੋਲੀ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਨਮਾਮੀ ਗੰਗੇ ਪ੍ਰੋਜੈਕਟ ਵਾਲੀ ਥਾਂ ‘ਤੇ ਅਲਕਨੰਦਾ ਨਦੀ ਦੇ ਕੰਢੇ ਟਰਾਂਸਫਾਰਮਰ ਦੇ ਅਚਾਨਕ ਫਟਣ ਕਾਰਨ 15 ਲੋਕਾਂ ਦੀ ਮੌਤ ਅਤੇ ਕਈ ਜਾਣੇ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਰਿਸ਼ੀਕੇਸ਼ ਏਮਜ਼ ਲਿਜਾਇਆ ਗਿਆ। ਬਾਕੀ ਪੰਜਾਂ ਦਾ ਗੋਪੇਸ਼ਵਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਏਐਨਆਈ ਨੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਹਵਾਲੇ ਨਾਲ ਕਿਹਾ, “ਇੱਕ ਪੁਲਿਸ ਸਬ-ਇੰਸਪੈਕਟਰ ਅਤੇ ਪੰਜ ਹੋਮ ਗਾਰਡਾਂ ਸਮੇਤ ਲਗਭਗ 15 ਲੋਕਾਂ ਦੀ ਮੌਤ ਹੋ ਗਈ ਹੈ। ਜਾਂਚ ਚੱਲ ਰਹੀ ਹੈ। ਪਹਿਲੀ ਨਜ਼ਰੇ ਪਤਾ ਚੱਲਦਾ ਹੈ ਕਿ ਰੇਲਿੰਗ ‘ਤੇ ਕਰੰਟ ਸੀ ਅਤੇ ਜਾਂਚ ਤੋਂ ਬਾਅਦ ਹੋਰ ਵੇਰਵਿਆਂ ਦਾ ਖੁਲਾਸਾ ਹੋਵੇਗਾ।”
ਮੈਜਿਸਟ੍ਰੇਟ ਜਾਂਚ ਦੇ ਹੁਕਮ
ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸੀਐਮ ਧਾਮੀ ਨੇ ਕਿਹਾ, “ਇਹ ਇੱਕ ਦੁਖਦਾਈ ਘਟਨਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਟੇਟ ਡਿਜ਼ਾਸਟਰ ਐਂਡ ਰਿਸਪਾਂਸ ਫੰਡ (ਐਸਡੀਆਰਐਫ) ਮੌਕੇ ‘ਤੇ ਪਹੁੰਚ ਗਏ ਹਨ। ” ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਉੱਚ ਕੇਂਦਰ ‘ਚ ਰੈਫਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਏਮਜ਼ ਰਿਸ਼ੀਕੇਸ਼ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੁੱਖ ਦਾ ਪ੍ਰਗਟਾਵਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਚਮੋਲੀ ‘ਚ ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ- ‘ਮੈਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਪੁੱਛਗਿੱਛ ਕੀਤੀ। ਪ੍ਰਸ਼ਾਸਨ ਜ਼ਖਮੀਆਂ ਦਾ ਇਲਾਜ ਕਰਨ ‘ਚ ਲੱਗਾ ਹੋਇਆ ਹੈ। ਪਰਿਵਾਰਾਂ ਨਾਲ ਮੇਰੀ ਸੰਵੇਦਨਾ, ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’
ਉੱਤਰਾਖੰਡ ‘ਚ ਲਗਾਤਾਰ ਮੀਂਹ, ਅਲਰਟ ਜਾਰੀ
ਇਹ ਤ੍ਰਾਸਦੀ ਉਦੋਂ ਵਾਪਰੀ ਹੈ ਜਦੋਂ ਉੱਤਰਾਖੰਡ ਵਿੱਚ ਭਾਰੀ ਮੀਂਹ ਪਿਆ ਹੈ, ਜਿਸ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਉੱਤਰਾਖੰਡ ਵਿੱਚ ਪਹਿਲਾਂ ਹੀ ਲਾਲ ਅਤੇ ਸੰਤਰੀ ਅਲਰਟ ਜਾਰੀ ਕੀਤਾ ਹੈ। ਚਮੋਲੀ, ਹਰਿਦੁਆਰ, ਰੁਦਰਪ੍ਰਯਾਗ ਖੇਤਰਾਂ ਲਈ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਨੂੰ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ।