Khaas Lekh Khalas Tv Special Punjab

ਖ਼ਾਸ ਲੇਖ – 15 ਅਗਸਤ 1947….. ਆਜ਼ਾਦੀ ਨਹੀਂ ਉਜਾੜਾ

 ‘ਦ ਖ਼ਾਲਸ ਬਿਊਰੋ (ਗੁਰਪ੍ਰੀਤ ਸਿੰਘ): 1947 ਵਿਚ ਅੰਗਰੇਜ਼ਾਂ ਵੱਲੋਂ ਹਿੰਦੋਸਤਾਨ ਨੂੰ ਆਜ਼ਾਦੀ ਦੇ ਨਾਂ ‘ਤੇ ਦੋ ਟੁਕੜਿਆਂ ਵਿਚ ਵੰਡ ਦਿੱਤਾ ਗਿਆ। ਇਸ ਵੰਡ ਦਾ ਸਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਭੋਗਿਆ। ਲੱਖਾਂ ਪੰਜਾਬੀ ਮਾਰੇ ਗਏ ਤੇ ਬੇਘਰ ਹੋਏ। ਜਿੱਥੇ ਸੰਨ 1947 ਦੇਸ਼ ਵਾਸੀਆਂ ਲਈ ਆਜ਼ਾਦੀ ਦਾ ਜਸ਼ਨ ਸੀ ਉੱਥੇ ਪੰਜਾਬ ਸੂਬੇ ਦੀਆਂ ਖੂਨੀ ਵਾਰਦਾਤਾਂ ਨਾਲ ਲੱਥ-ਪਥ ਪੀੜਾਂ ਦੀ ਦੁੱਖਾਂ ਭਰੀ ਦਾਸਤਾਨ ਵੀ ਹੈ। ਵੰਡ ਦੇ ਕਰੀਬ 74 ਸਾਲ ਬੀਤ ਜਾਣ ਦੇ ਬਾਵਜੂਦ ਵੰਡ ਦਾ ਦੁੱਖ ਦੇਖਣ ਵਾਲੇ ਪੰਜਾਬੀ ਇਹ ਦੁਖਦ ਪੀੜਾ ਨੂੰ ਭੁੱਲਾ ਨਹੀਂ ਸਕੇ। ’47 ਦੀ ਵੰਡ ਦੇਸ਼ ਵਾਸੀਆਂ ਖਾਸ ਕਰ ਪੰਜਾਬੀਆਂ ਦੇ ਅਣਸੀਤੇ ਜ਼ਖ਼ਮਾਂ ਦੀ ਦੁੱਖ ਭਰੀ ਦਾਸਤਾਨ ਹੈ। ਸੰਨ 47 ਦੀ ਵੰਡ ਵਿਚ ਹਿੰਦੂ, ਮੁਸਲਿਮ, ਸਿੱਖਾਂ, ਇਸਾਈਆਂ ਸਮੇਤ ਹਰ ਫਿਰਕੇ ਦੀਆਂ ਮਹਿਲਾਵਾਂ ਤਸ਼ੱਦਦ ਦਾ ਸ਼ਿਕਾਰ ਹੋਈਆਂ। ਦੋਵੇਂ ਪਾਸੇ ਹਜ਼ਾਰਾਂ ਅੌਰਤਾਂ ਦੇ ਬਲਾਤਕਾਰ ਅਤੇ ਕਤਲ ਹੋਏ।

ਸੰਨ 1947 ਤੋਂ ਬਾਅਦ ਲਹਿੰਦੇ ਪੰਜਾਬ ਤੋਂ ਆਏ ਸਿੱਖ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅਪਣੀ ਸਹੂਲਤ ਅਨੁਸਾਰ ਜਾ ਵੱਸੇ। ਜਿੱਥੇ ਆਪਣੇ ਪੁਰਖਿਆਂ ਦੇ ਵਸਾਏ ਘਰ ਬਾਰ, ਜ਼ਮੀਨਾਂ-ਜਾਇਦਾਦਾਂ, ਦੌਲਤ-ਸ਼ੋਹਰਤ ਗੁਆ ਕੇ ਆਉਣ ਦਾ ਅਸਹਿ ਤੇ ਅਕਹਿ ਦਰਦ ਸੀ, ਉੱਥੇ ਉਨ੍ਹਾਂ ਨੂੰ ਸਥਾਨਕ ਸਮਾਜ ਅੰਦਰ ਥਾਂ ਬਣਾਉਣ ਲਈ ਵੀ ਲੜਾਈ ਲੜਨੀ ਪਈ। ਉਨ੍ਹਾਂ ਦੇ ਸਿੱਖੀ ਸਰੂਪ ਦਾ ਮਜ਼ਾਕ ਬਣਾਇਆ ਗਿਆ, ਉਨ੍ਹਾਂ ਦੀ ਬੋਲੀ ਤੇ ਕਈ ਤਰਾਂ ਦੇ ਤੰਜ ਕੱਸੇ ਗਏ।

ਪਾਕਿਸਤਾਨ ਵਿੱਚ 14 ਅਗਸਤ ਤੇ ਭਾਰਤ ਵਿੱਚ 15 ਅਗਸਤ, ਜਿਸ ਨੂੰ ਅਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਉਹ ਦੋਵੇਂ ਦਿਨ, ਦੋਵੇਂ ਪਾਸੇ ਵੰਡੇ ਗਏ ਪੰਜਾਬੀਆਂ ਵਾਸਤੇ ਖੂਨੀ ਹਨੇਰੀ ਦੀ ਤਬਾਹੀ ਭਰੀ ਸ਼ਾਜਿਸ਼ ਤੇ ਬਰਬਾਦੀ ਦੀ ਦਾਸਤਾਨ ਤੋਂ ਵੱਧ ਹੋਰ ਕੁਝ ਵੀ ਨਹੀਂ ਸਨ!

1 ਕਰੋੜ 82 ਲੱਖ ਪੰਜਾਬੀ ਉੱਜੜਿਆ

ਇਹਨਾਂ ਦੋ ਦਿਨਾਂ ਤੱਕ ਪਹੁੰਚਦਿਆਂ 1 ਕਰੋੜ 82 ਲੱਖ ਪੰਜਾਬੀ ਉੱਜੜ ਚੁੱਕੇ ਸਨ, 10 ਲੱਖ ਦੇ ਕੁਰੀਬ ਮਾਰੇ ਜਾ ਚੁੱਕੇ ਸਨ। 2.50 ਲੱਖ ਔਰਤਾਂ ਦਾ ਬਲਾਤਕਾਰ ਹੋ ਚੁੱਕਾ ਸੀ। ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਮਾਪਿਆ ਤੋਂ ਬੱਚੇ ਤੇ ਸੁਹਾਗਣਾਂ ਦੇ ਸੁਹਾਗ ਵਿੱਛੜ ਚੁੱਕੇ ਸਨ।  ਪੰਜਾਬ ਦੇ ਦਰਿਆ ਖ਼ੂਨ ਰੱਤੇ ਤੇ ਧਰਤੀ ਖ਼ੂਨ ਨਾਲ ਲੱਥ ਪੱਥ ਹੋਈ।

ਪੰਜਾਬੀ ਬੋਲੀ ਤੇ ਵਿਰਸੇ ਦਾ ਘਾਣ ਹੋਇਆ। ਸਭਿਆਚਾਰ ਦਾ ਮਲੀਆਮੇਟ ਹੋਇਆ। 85 ਫੀਸਦੀ ਕੁਰਬਾਨੀਆਂ ਦੇਣ ਵਾਲਿਆਂ ਨਾਲ ਜ਼ਬਾਨੀ-ਕਲਾਮੀ ਵੱਡੇ ਵੱਡੇ ਵਾਅਦੇ ਕੀਤੇ ਤੇ 15 ਅਗਸਤ ਲਾਲ ਕਿਲੇ ’ਤੇ ਤਿਰੰਗਾ ਝੁਲਦਿਆਂ ਹੀ ਸਭ ਕਾਫੂਰ ਹੋ ਗਏ। ਜਿਹਨਾਂ ਕੁਰਬਾਨੀਆਂ ਦਿੱਤੀਆਂ, ਉਹ ਰਾਤੋ ਰਾਤ ਫਾਡੀ ਕਰ ਦਿੱਤੇ ਗਏ ਤੇ ਜਿਨ੍ਹਾਂ ਕੁਝ ਵੀ ਨਾ ਕੀਤਾ, ਉਹ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਬਣ ਗਏ।  ਇਸ 15 ਅਗਸਤ ਤੋਂ ਬਾਅਦ ਲਹਿੰਦੇ ਤੇ ਚੜ੍ਹਦੇ ਦੋਹੀਂ ਪਾਸੀਂ ਵਸਦੇ ਪੰਜਾਬੀਆਂ ਨਾਲ ਜੋ ਜੱਗੋਂ ਤੇਰ੍ਹਵੀਂ ਕੀਤੀ/ਕਰਵਾਈ ਗਈ ਤੇ ਅਜੇ ਵੀ ਜਾਰੀ ਹੈ, ਉਸ ਬਾਰੇ ਕੋਈ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਸਭ ਕੁਝ ਜਾਣਦਾ ਹੈ।

1947 ਦੀਆਂ ਦਰਦ ਭਰੀਆਂ ਘਟਨਾਵਾਂ

1947 ਦੀ ਵੰਡ ਤੋਂ ਪਹਿਲਾਂ ਕਿਲਾ ਦੀਵਾਨ ਸਿੰਘ (ਲਾਹੌਰ) ਦੇ ਸੰਧਾ ਪਰਿਵਾਰ ਜੋ ਕਿ ਵੰਡ ਉਪਰੰਤ ਫਿਰੋਜ਼ਪੁਰ ਦੇ ਪਿੰਡ ਜੀਵਾ ਅਰਾਈਂ ਆ ਵਸੇ ਸਨ ਦੇ ਪਰਿਵਾਰਕ ਮੈਂਬਰ ਡਾ. ਕੁਲਵੰਤ ਸਿੰਘ ਸੰਧਾ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਨਾਂ੍ਹ ਦੇ ਪੁਰਖਿਆਂ ਕੋਲ 800 ਏਕੜ ਦੇ ਕਰੀਬ ਜ਼ਮੀਨ ਸੀ ਅਤੇ ਵੰਡ ਦੇ ਰੌਲੇ ਮੌਕੇ ਉਨਾਂ੍ਹ ਦੇ ਪਰਿਵਾਰ ਦੇ ਕਰੀਬ 48 ਮੈਂਬਰਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਤੇ ਉਨਾਂ੍ਹ ਦੇ ਪਰਿਵਾਰ ਦੇ ਮਰਦ ਮੈਂਬਰਾਂ ਵਿੱਚੋਂ ਸਿਰਫ ਉਹਦੇ ਪਿਤਾ ਫੌਜਦਾਰ ਸਿੰਘ ਸੰਧਾ ਹੀ ਭਾਰਤ ਪਹੁੰਚ ਸਕੇ। ਜ਼ਕਿਰਯੋਗ ਹੈ ਕਿ ਇਹ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਬਾਬਾ ਦੀਵਾਨ ਸਿੰਘ ਦੇ ਵੰਸ਼ਿਜ਼ ਹਨ।ਡਾਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੇ ਪਰਿਵਾਰ ਨੂੰ ਚੜ੍ਹਦੇ ਪੰਜਾਬ ਵਿੱਚ ਸਿਰਫ 200 ਏਕੜ ਜ਼ਮੀਨ ਹੀ ਅਲਾਟ ਕੀਤੀ ਗਈ ਸੀ।

ਇਸੇ ਤਰਾਂ ਫਿਰੋਜ਼ਪੁਰ ਸ਼ਹਿਰ ਵਿੱਚ ਵੱਸੇ ਵਿਰਕ ਪਰਿਵਾਰ ਦੇ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨਾਂ੍ਹ ਦਾ ਪਿੰਡ ਸਹਾਰੀ ਲਾਹੌਰ ਜਿਲੇ ਵਿਚ ਸਥਿਤ ਸੀ ਤੇ ਉਸਦੇ ਪਿਤਾ ਠਾਕੁਰ ਸਿੰਘ ਹੋਰਾਂ ਦਾ ਕੂਕਾ ਲਹਿਰ ਅਤੇ ਜੈਤੋ ਦਾ ਮੋਰਚਾ ਵਿੱਚ ਅਹਿਮ ਯੋਗਦਾਨ ਰਿਹਾ ਸੀ। ਸੰਨ 47 ਦੀ ਵੰਡ ਮੌਕੇ ਉਨਾਂ੍ਹ ਦੀ ਉਮਰ ਮਹਿਜ ਡੇਢ ਸਾਲ ਸੀ ਤੇ ਉਨਾਂ੍ਹ ਨੇ ਆਪਣੇ ਵਡੇਰਿਆਂ ਤੋ ਜੋ ਸੁਣਿਆਂ ਉਸ ਮੁਤਾਬਿਕ ਉਨਾਂ੍ਹ ਦੀਆਂ ਉਧਰ ਪਾਕਿਸਤਾਨ ਵਿਚ ਸੈਂਕੜੇ ਏਕੜ ਜ਼ਮੀਨਾਂ, ਬਾਗ, ਘੋੜੀਆਂ ਸਮੇਤ ਸ਼ਾਹੀ ਠਾਠ ਬਾਠ ਸੀ। ਵੰਡ ਦੌਰਾਨ ਬੇਸ਼ੱਕ ਸਾਰਾ ਸੋਨਾ,ਚਾਂਦੀ, ਪੈਸਾ ਅਤੇ ਜਾਇਦਾਦ ਉਧਰ ਰਹਿ ਗਿਆ ਪਰ ਪਰਿਵਾਰਾਂ ਦਾ ਸਾਰਾ ਕਾਫਲਾ ਸਹੀ ਸਲਾਮਤ ਚੜ੍ਹਦੇ ਪੰਜਾਬ ਆ ਗਿਆ ਸੀ। ਪਟਿਆਲਾ ਜਿਲੇ ਵਿੱਚ ਜ਼ਮੀਨ ਅਲਾਟ ਹੋਈ ਪਰ ਸਾਡੀ ਜਾਇਦਾਦ ਦੇ ਮੁਕਾਬਲੇ ਬਹੁਤ ਘੱਟ ਸੀ। ਪਰਿਵਾਰ ਨੇ ਮੇਹਨਤ ਕੀਤੀ ਅੱਜ ਹਰ ਸੁੱਖ ਸਹੂਲਤ ਪ੍ਰਰਾਪਤ ਹੈ।

ਭਾਰਤ ਦੀ ਵੰਡ ਇੱਕ ਮੁਸ਼ਕਲ ਮਸਲਾ ਸੀ, ਜਿਸ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ਾਇਦ ਜਾਇਜ਼ ਨਹੀ ਹੈ। ਬੇਸ਼ੱਕ ਵੰਡ ਵਿੱਚ ਮੁਸਲਿਮ ਲੀਗ, ਹਿੰਦੂ ਮਹਾਂ ਸਭਾ, ਕਾਂਗਰਸ ਤੇ ਬਰਤਾਨਵੀ ਸ਼ਾਸਨ ਸਮੇਤ ਸਾਰਿਆਂ ਦੀ ਭੂਮਿਕਾ ਹੈ। ਕਿਸੇ ਦੀ ਘੱਟ, ਕਿਸੇ ਦੀ ਵੱਧ, ਇਸ ਬਾਰੇ ਬਹਿਸ ਦੀ ਪੂਰੀ ਗੁੰਜਾਇਸ਼ ਹੈ। ਹਰ ਸਮਾਜ ਵਿੱਚ ਨਾ ਤੇ ਰੋਜ਼ਾਨਾ ਕਲੇਸ਼ ਹੁੰਦਾ ਹੈ, ਨਾ ਹਰ ਰੋਜ਼ ਜੱਫੀਆਂ ਪੈਂਦੀਆਂ ਹਨ ਅਤੇ ਨਾ ਹੀ ਆਮ ਕਤਲੋ-ਗਾਰਦ ਹੁੰਦੇ ਹਨ। ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਇਸਾਈਆਂ ਦੇ ਸਾਂਝੇ ਪੰਜਾਬ ਦੀ ਹਿੱਕ ਤੇ ਖੁੱਭਿਆ 1947 ਦੀ ਵੰਡ ਅਜਿਹਾ ਜਖਮ ਹੈ ਜੋ ਹਮੇਸ਼ਾਂ ਰਿਸਦੇ ਰਹਿਣਾ ਏ।

15 ਅਗਸਤ ਪੰਜਾਬ ਦੇ ਇਤਿਹਾਸ ਦਾ ਸਿਆਹ ਕਾਲਾ ਦਿਨ ਹੈ। ਇਸ ਦਿਨ ਅੰਗਰੇਜ ਤਾਂ ਹਿੰਦੁਸਤਾਨ ਛੱਡ ਕੇ ਬੇਸ਼ਕ ਚਲੇ ਗਏ, ਪਰ ਮੁਲਕ ਅਜ਼ਾਦ ਨਹੀਂ ਹੋਇਆ, ਸਗੋ ਟੋਟੇ ਟੋਟੇ ਹੋਇਆ ਤੇ ਇਸ ਦਿਨ ਟੁਕੜੇ ਹੋਏ ਮੁਲਕ ਨੂੰ ਪਿਛਲੇ 75 ਸਾਲ ਤੋਂ ਕੌਣ ਸ਼ੈਤਾਨ ਕਿਵੇਂ ਆਜ਼ਾਦੀ ਦਾ ਨਾਮ ਦੇ ਕੇ ਹਰ ਸਾਲ ਜਸ਼ਨ ਮਨਾ ਰਿਹਾ ਹੈ, ਇਹ ਬਿਲਕੁਲ ਹੀ ਸਮਝ ਤੋਂ ਪਰੇ ਦੀ ਗੱਲ ਹੈ। ਇਸ ਤੋਂ ਵੀ ਵੱਡੀ ਮੂਰਖਤਾ ਵਾਲੀ ਗੱਲ ਇਹ ਹੈ ਕਿ ਸਾਡੇ ਵਿੱਚੋ ਬਹੁਤਿਆਂ ਨੇ ਕਦੇ ਇਹ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫੇਰ ਲੋੜ ਹੀ ਨਹੀ ਸਮਝੀ ਕਿ ਅਜ਼ਾਦੀ ਦੀ ਪਰਿਭਾਸ਼ਾ ਕੀ ਹੁੰਦੀ ਹੈ!