India Punjab

ਕੱਲ ਭਾਰਤ ਬੰਦ ! PRTC ਤੇ Punbus ਦਾ ਚੱਕਾ ਜਾਮ ! ਪੈਟਰੋਲ ਪੰਪ ਤੇ ਵਪਾਰਿਆਂ ਨੇ ਬਦਲਿਆ ਫੈਸਲਾ ! ਇੰਨਾਂ ਸੇਵਾਵਾਂ ਨੂੰ ਛੋਟ

ਬਿਉਰੋ ਰਿਪੋਰਟ : ਕੇਂਦਰ ਵੱਲੋਂ MSP ਗਰੰਟੀ ਕਾਨੂੰਨ ਨਾ ਬਣਾਉਣ ਅਤੇ ਹੋਰ ਵਾਅਦਿਆਂ ਤੋਂ ਪਿਛੇ ਹੱਟਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋ ਸ਼ੁੱਕਵਾਰ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਵੇਖ ਦੇ ਹੋਏ ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਹਨ । ਕਿਸਾਨ ਵੱਖ-ਵੱਖ ਸੜਕਾਂ ‘ਤੇ ਚੱਕਾ ਜਮਾ ਕਰਨਗੇ । ਇਸ ਦੌਰਾਨ ਪੰਜਾਬ ਵਿੱਚ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ । ਇਸ ਲਈ ਜੇਕਰ ਤੁਸੀਂ ਕੱਲ ਕਿਧਰੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਸੋਚ ਸਮਝ ਕੇ ਹੀ ਬਣਾਉਣਾ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਕਿਸਾਨਾਂ ਦੇ ‘ਭਾਰਤ ਬੰਦ’ ਨੂੰ ਕਿਸ-ਕਿਸ ਦੀ ਹਮਾਇਤ

ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਹਮਾਇਤ PRTC ਤੇ Punbus ਦੇ ਕੱਚੇ ਮੁਲਾਜ਼ਮਾਂ ਵਲੋਂ ਮਿਲੀ ਹੈ । PRTC ਦੇ ਮੀਤ ਪ੍ਰਧਾਰ ਹਰਕੇਸ਼ ਕੁਮਾਰ ਨੇ ਦੱਸਿਆ ਕਿ ਦੋਵੇ ਬੰਸ ਯੂਨੀਅਨਾਂ ਦੇ 27 ਡਿੱਪੋ ਵਿੱਚ ਸਵੇਰ ਤੋਂ ਲੈਕੇ ਚੱਕਾ ਜਾਮ ਰਹੇਗਾ । ਉਨ੍ਹਾਂ ਕਿਹਾ ਸਾਡੇ ਨਾਲ ਪੱਕੇ ਮੁਲਾਜ਼ਮ ਵੀ ਸ਼ਾਮਲ ਹੋਣਗੇ । ਕੱਚੇ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਸਾਡਾ ਗੁੱਸਾ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨਾਲ ਹੈ,ਸੂਬਾ ਸਰਕਾਰ ਸਾਨੂੰ ਪੱਕਾ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ ਜਦਕਿ ਕੇਂਦਰ ਹਿੱਟ ਐਂਡ ਰਨ ਵਰਗਾਾ ਖਤਰਨਾਕ ਕਾਨੂੰਨ ਬਣਾ ਰਹੀ ਹੈ ।

ਉਧਰ ਪੰਜਾਬ ਦੀਆਂ ਕੁਝ ਬਾਰ ਕੌਂਸਲ ਵੀ ਭਾਰਤ ਬੰਦ ਵਿੱਚ ਸ਼ਾਮਲ ਹੋ ਰਹੀਆਂ ਹਨ,ਅਜਿਹੇ ਵਿੱਚ ਜੇਕਰ ਤੁਹਾਡਾ ਕੇਸ ਕਿਸੇ ਅਦਾਲਤ ਵਿੱਚ ਲੱਗਿਆ ਹੈ ਤਾਂ ਵਕੀਲ ਦੇ ਪੇਸ਼ ਨਾ ਹੋਣ ਦੀ ਵਜ੍ਹਾ ਕਰਕੇ ਤਰੀਕ ਅੱਗੇ ਲੱਗ ਜਾਵੇ। ਕਿਸਾਨ ਯੂਨੀਅਨਾਂ ਨੇ ਪਿੰਡਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਅਧਾਰਿਆਂ ਨੂੰ ਵੀ ਬੰਦ ਵਿੱਚ ਸ਼ਮਲ ਹੋਣ ਦੀ ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਦੁਕਾਨਦਾਰਂ ਨੂੰ ਵੀ ਬੰਦ ਦਾ ਸੱਦਾ ਦਿੱਤਾ ਹੈ । ਉਧਰ ਪਹਿਲਾਂ ਚਰਚਾ ਸੀ ਕਿ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਬੰਦ ਵਿੱਚ ਸ਼ਾਮਲ ਹੈ । ਪਰ ਹੁਣ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਸਾਫ ਕਰ ਦਿੱਤਾ ਹੈ ਕਿ ਪੈਟਰੋਲ ਪੰਪ ਖੁੱਲੇ ਰਹਿਣਗੇ । ਅਸੀਂ 15 ਫਰਵਰੀ ਨੂੰ ਤੇਲ ਕੰਪਨਿਆਂ ਵੱਲੋਂ 7 ਸਾਲ ਤੋਂ ਕਮਿਸ਼ਨ ਨਾ ਵਧਾਏ ਜਾਣ ਦੇ ਵਿਰੋਧ ਵਿੱਚ ਨੌ-ਪਰਚੇਜ਼ ਡੇ ਐਲਾਨਿਆ ਸੀ। ਸਚਦੇਵਾ ਨੇ ਕਿਹਾ ਪੈਟਰੋਲ ਜ਼ਰੂਰੀ ਚੀਜ਼ਾ ਵਿੱਚ ਸ਼ਾਮਲ ਹੈ ਇਸ ਨੂੰ ਅਸੀਂ ਬੰਦ ਨਹੀਂ ਕਰ ਸਕਦੇ ਹਾਂ।

ਉਧਰ ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਆਯੂਸ਼ ਅਗਰਵਾਲ ਨੇ ਵੀ ਸਾਫ ਕਰ ਦਿੱਤਾ ਹੈ ਕਿ ਅਸੀਂ ਵੀ ਭਾਰਤ ਬੰਦ ਵਿੱਚ ਸ਼ਾਮਲ ਨਹੀਂ ਹਾਂ ਹੁਣ ਤੱਕ ਸਾਡੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਹੈ । ਉਨ੍ਹਾਂ ਕਿਹਾ ਪਹਿਲਾਂ ਹੀ ਰਾਹ ਬੰਦ ਹੋਣ ਦੀ ਵਜ੍ਹਾ ਕਰਕੇ ਸਾਡਾ ਸਮਾਨ ਫਸਿਆ ਹੋਇਆ ਹੈ । ਉਨ੍ਹਾਂ ਕਿਹਾ ਜੇਕਰ ਸਾਡੇ ਕੋਲ ਸ਼ਾਂਤੀ ਦੇ ਨਾਲ ਕੋਈ ਆਵੇਗਾ ਤਾਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ ।

ਉਧਰ SKM ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸੜਕਾਂ ਜਾਮ ਦੌਰਾਨ ਜੇਕਰ ਕੋਈ ਐਂਬੂਲੈਂਸ ਆਉਂਦੀ ਹੈ ਤਾਂ ਪਹਿਲ ਦੇ ਅਧਾਰ ‘ਤੇ ਉਸ ਨੂੰ ਰਸਤਾ ਦਿੱਤਾ ਜਾਵੇਗਾ । ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਜਾਣ ਦੀ ਛੋਟ ਹੋਵੇਗੀ । ਕਿਸੇ ਨੇ ਰੇਲਵੇ ਸਟੇਸ਼ਨ ਜਾਂ ਫਿਰ ਹਵਾਈ ਅੱਡੇ ਜਾਣਾ ਹੈ ਤਾਂ ਵੀ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ । ਵਿਆਹ ਵਾਲੀ ਕਾਰ ਨੂੰ ਵੀ ਲਾਂਘਾਾ ਦਿੱਤਾ ਜਾਵੇਗਾ ।