India International

USA ਪਹੁੰਚਣ ਤੋਂ ਪਹਿਲਾਂ ਹੀ ਘੇਰ ਲਏ 130 ਭਾਰਤੀ, ਵਾਪਸ ਭੇਜਿਆ ਭਾਰਤ

ਨਵੀਂ ਦਿੱਲੀ : ਪਨਾਮਾ ਨੇ ਸ਼ੁੱਕਰਵਾਰ ਨੂੰ 130 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਹ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਮਾ ਵਿਚ ਦਾਖਲ ਹੋਏ ਸਨ। ਇਹ ਕਾਰਵਾਈ ਅਮਰੀਕਾ ਨਾਲ ਜੁਲਾਈ ਵਿੱਚ ਹੋਏ ਸਮਝੌਤੇ ਤਹਿਤ ਕੀਤੀ ਗਈ ਸੀ। ਇਸ ਸਮਝੌਤੇ ਤਹਿਤ ਅਮਰੀਕਾ ਨੇ ਪਨਾਮਾ ਤੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ 6 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। ਅਮਰੀਕਾ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੀ ਦੱਖਣੀ ਸਰਹੱਦ ‘ਤੇ ਗੈਰ-ਕਾਨੂੰਨੀ ਘੁਸਪੈਠ ਘਟੇਗੀ।

ਸ਼ੁੱਕਰਵਾਰ ਦੇ ਦੇਸ਼ ਨਿਕਾਲੇ ਸਮੇਤ, ਪਨਾਮਾ ਨੇ ਦੋ ਹਫ਼ਤਿਆਂ ਵਿੱਚ 219 ਪ੍ਰਵਾਸੀਆਂ ਨੂੰ ਕੱਢਿਆ ਹੈ। ਵਾਸ਼ਿੰਗਟਨ ਨੇ ਆਪਣੀ ਦੱਖਣੀ ਸਰਹੱਦ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਮੱਧ ਅਮਰੀਕੀ ਦੇਸ਼ ਨਾਲ ਇੱਕ ਸੌਦਾ ਕੀਤਾ ਹੈ।  ਅਮਰੀਕਾ ਨੇ ਇਸ ‘ਤੇ 6 ਮਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਕੀਤਾ ਹੈ।

ਪਨਾਮਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਭਾਰਤੀ ਪ੍ਰਵਾਸੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਭੇਜਿਆ ਗਿਆ ਸੀ। ਇਹ ਪਹਿਲੀ ਵਾਰ ਸੀ ਕਿ ਅਮਰੀਕਾ ਨਾਲ ਹੋਏ ਇਸ ਸਮਝੌਤੇ ਤਹਿਤ ਅਮਰੀਕਾ ਤੋਂ ਬਾਹਰ ਕਿਸੇ ਵੀ ਦੇਸ਼ ਦੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹੈ।

ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਸਥਿਤ ਡੇਰਿਅਨ ਜੰਗਲ, ਮੱਧ ਅਮਰੀਕਾ ਅਤੇ ਮੈਕਸੀਕੋ ਰਾਹੀਂ ਦੱਖਣੀ ਅਮਰੀਕਾ ਤੋਂ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਰਸਤਾ ਬਣ ਗਿਆ ਹੈ। ਇਹ ਜੰਗਲ ਬੇਹੱਦ ਖ਼ਤਰਨਾਕ ਹੈ ਅਤੇ ਇੱਥੇ ਅਪਰਾਧਿਕ ਸਮੂਹਾਂ ਦਾ ਦਬਦਬਾ ਹੈ ਪਰ ਇਸ ਦੇ ਬਾਵਜੂਦ ਪਿਛਲੇ ਸਾਲ ਪੰਜ ਲੱਖ ਤੋਂ ਵੱਧ ਪ੍ਰਵਾਸੀ ਇਸ ਜੰਗਲ ਨੂੰ ਪਾਰ ਕਰਕੇ ਅਮਰੀਕਾ ਪਹੁੰਚਣ ਵਿੱਚ ਕਾਮਯਾਬ ਰਹੇ।

ਅਮਰੀਕਾ ਦਬਾਅ ਬਣਾ ਰਿਹਾ ਹੈ

ਅਮਰੀਕਾ ‘ਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਜਿਹੇ ‘ਚ ਅਮਰੀਕਾ, ਪਨਾਮਾ ਅਤੇ ਮੈਕਸੀਕੋ ਵਰਗੇ ਦੇਸ਼ਾਂ ‘ਤੇ ਪ੍ਰਵਾਸ ਦੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦਾ ਦਬਾਅ ਹੈ। ਜੁਲਾਈ ਵਿੱਚ ਦਸਤਖਤ ਕੀਤੇ ਗਏ ਇਸ ਸਮਝੌਤੇ ਤਹਿਤ ਪਹਿਲੇ ਪੜਾਅ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇਗਾ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ। ਹਾਲਾਂਕਿ, ਭਵਿੱਖ ਵਿੱਚ, ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਜੋ ਇਸ ਖਤਰਨਾਕ ਡੇਰਿਅਨ ਜੰਗਲ ਨੂੰ ਪਾਰ ਕਰਦੇ ਹਨ ਅਤੇ ਪਨਾਮਾ ਵਿੱਚ ਦਾਖਲ ਹੁੰਦੇ ਹਨ। ਇਹ ਸਮਝੌਤਾ ਉਸੇ ਦਿਨ ਹੋਇਆ ਸੀ ਜਦੋਂ ਪਨਾਮਾ ਦੇ ਨਵੇਂ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਸਹੁੰ ਚੁੱਕੀ ਸੀ। ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਦਰਿਆਨ ਦੇ ਜੰਗਲਾਂ ਨੂੰ ਪਾਰ ਕਰਨ ਵਾਲੇ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ।