ਚੰਡੀਗੜ੍ਹ : ਪੰਜਾਬ ਦੇ ਟੋਲ ਪਲਾਜ਼ਾ ਅੱਜ 3 ਘੰਟੇ ਲਈ ਮੁਫ਼ਤ ਕੀਤੇ ਜਾਣਗੇ। ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚਾ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕਰੇਗਾ। ਕੌਮੀ ਇਨਸਾਫ਼ ਮੋਰਚਾ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।
ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਵੱਲੋਂ ਪੰਜਾਬ-ਚੰਡੀਗੜ੍ਹ ਸਰਹੱਦ ’ਤੇ ਧਰਨੇ ਦਿੱਤੇ ਜਾ ਰਹੇ ਹਨ। 6 ਜਨਵਰੀ ਨੂੰ ਪੂਰਾ ਸਾਲ ਬੀਤ ਗਿਆ। ਪਰ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਕਵਾਂ ਕਦਮ ਚੁੱਕਿਆ ਹੈ।
ਇਸ ਤੋਂ ਬਾਅਦ ਹੁਣ ਫਰੰਟ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਦਾ ਨੁਕਸਾਨ ਨਹੀਂ ਹੁੰਦਾ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ। ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਜਾਣਗੇ।
ਜਿਨ੍ਹਾਂ ਟੋਲ ਪਲਾਜ਼ਿਆਂ ਨੂੰ ਵੀ ਕਰਵਾਇਆ ਜਾਵੇਗਾ ਉਨ੍ਹਾਂ ਵਿਚ ਫਿਰੋਜ਼ਪੁਰ ਦਾ ਫਿਰੋਜ਼ਸ਼ਾਹ ਟੋਲ ਪਲਾਜ਼ਾ ਅਤੇ ਤਾਰਾਪੁਰ ਟੋਲ ਪਲਾਜ਼ਾ, ਮੁਹਾਲੀ ਦਾ ਅਜੀਜਪੁਰ ਟੋਲਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਬੜੋਦੀ ਟੋਲ ਪਲਾਜ਼ਾ, ਪਟਿਆਲਾ ਜ਼ਿਲ੍ਹੇ ਦੇ ਪਰੇੜੀ ਜੱਟਾ ਟੋਲ ਪਲਾਜ਼ਾ, ਜਲੰਧਰ ਦਾ ਬਾਮਨੀਵਾਲ ਟੋਲ ਪਲਾਜ਼ਾ, ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ, ਫ਼ਰੀਦਕੋਟ ਦਾ ਤਲਵੰਡੀ ਭਾਈ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਦਾ ਟੋਲ ਪਲਾਜ਼ਾ ਸ਼ਾਮਲ ਹਨ।
ਦੱਸ ਦੇਈਏ ਕਿ ਪਿਛਲੇ ਇੱਕ ਸਾਲ ਤੋਂ ਮੁਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਚੱਲਿਆ ਹੋਇਆ ਹੈ। 6 ਜਨਵਰੀ 2024 ਨੂੰ ਕੌਮੀ ਇਨਸਾਫ਼ ਮੋਰਚੇ ਨੂੰ ਲੱਗੇ ਇੱਕ ਸਾਲ ਹੋ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਰੋਸ ਹਾਲੇ ਵੀ ਲਗਾਤਾਰ ਜਾਰੀ ਹੈ।