‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਪਾਂਡੂ ਪਿੰਡਾਰਾ ਦੀ ਇੱਕ 12 ਸਾਲਾ ਕੁੜੀ ਖੁਸ਼ੀ ਲਾਕਰਾ ਨੇ ਫਲਾਈਓਵਰ ਦਾ ਖੁਦ ਹੀ ਉਦਘਾਟਨ ਕਰ ਦਿੱਤਾ ਅਤੇ ਕਿਸੇ ਵੀ ਸਿਆਸੀ ਲੀਡਰ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ। ਇਹ ਫਲਾਈਓਵਰ ਜੀਂਦ-ਗੋਹਾਣਾ-ਸੋਨੀਪਤ ਰੋਡ ਨੂੰ ਪੈਂਦਾ ਹੈ। ਕੁੜੀ ਨੇ ਕਿਹਾ ਕਿ ਅਸੀਂ ਕਿਸੇ ਵੀ ਬੀਜੇਪੀ-ਜੇਜੇਪੀ ਲੀਡਰ ਨੂੰ ਬੁਲਾ ਕੇ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਕਿਸਾਨਾਂ ਨੇ ਇਨ੍ਹਾਂ ਦਾ ਬਾਈਕਾਟ ਕੀਤਾ ਹੋਇਆ ਹੈ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 9 ਮਹੀਨਿਆਂ ਤੋਂ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਿਆਸੀ ਲੀਡਰਾਂ ਦਾ ਜੀਂਦ ਜ਼ਿਲ੍ਹੇ ਵਿੱਚ ਆਉਣਾ ਮਨ੍ਹਾ ਹੈ। ਜਾਣਕਾਰੀ ਮੁਤਾਬਕ ਇਹ ਫਲਾਈਓਵਰ 2019 ਤੋਂ ਬਣਾਉਣ ਸ਼ੁਰੂ ਕੀਤਾ ਗਿਆ ਸੀ ਪਰ ਅਗਸਤ 2021 ਤੱਕ ਪ੍ਰਾਜੈਕਟ ਲਟਕ ਗਿਆ। ਜ਼ਿਲ੍ਹਾ ਅਥਾਰਿਟੀਆਂ ਫਲਾਈਓਵਰ ਦਾ ਉਦਘਾਟਨ ਕਰਨ ਲਈ ਕਿਸੇ ਵੀਆਈਪੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਪਿੰਡਵਾਸੀਆਂ ਨੇ ਖੁਦ ਹੀ ਉਦਘਾਟਨ ਕਰ ਦਿੱਤਾ। ਪਿੰਡਵਾਸੀਆਂ ਨੂੰ ਗੋਹਾਣਾ-ਸੋਨੀਪਤ ਰੋਡ ਰਾਹੀਂ ਦਿੱਲੀ ਜਾਣਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਦੋ ਸਾਲਾਂ ਤੋਂ ਪਿੰਡਵਾਸੀਆਂ ਨੂੰ ਫਲਾਈਓਵਰ ਨਾ ਬਣਨ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਲਾਈਓਵਰ ਦਾ ਕੰਮ ਪਿਛਲੇ ਹਫ਼ਤੇ ਹੀ ਪੂਰਾ ਹੋ ਗਿਆ ਸੀ ਪਰ ਪਿੰਡਵਾਸੀ ਬੀਜੇਪੀ-ਜੇਜੇਪੀ ਲੀਡਰਾਂ ਨੂੰ ਕਿਸਾਨੀ ਅੰਦੋਲਨ ਕਰਕੇ ਪਿੰਡ ਵਿੱਚ ਬੁਲਾਉਣ ਤੋਂ ਡਰ ਰਹੇ ਸਨ।