ਪਟਿਆਲਾ ਵਿਚ ਇਕ ਕਰਨਲ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ। ਜਿਸ ’ਚ ਇੰਸਪੈਕਟਰ, ਥਾਣੇਦਾਰ ਅਤੇ ਹੌਲਦਾਰ ਸਮੇਤ 13 ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਡਾ ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਭਾਰਤੀ ਫੌਜ ਦਾ ਬਹੁਤ ਸਤਿਕਾਰ ਕਰਦੀ ਹੈ, ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹੜੀ ਕਿ ਅੱਗੇ ਤੋਂ ਨਹੀਂ ਵਾਪਰੇਗੀ।
ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜਿਹੜਾ ਵਿਅਕਤੀ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਅਸੀਂ ਇਸ ਘਟਨਾ ਲਈ ਫੌਜੀ ਅਧਿਕਾਰੀ ਤੋਂ ਮੁਆਫੀ ਮੰਗਦੇ ਹਾਂ। ਸਾਨੂੰ ਫੌਜ ਪ੍ਰਤੀ ਪੂਰਾ ਸਤਿਕਾਰ ਹੈ।”
ਪੀੜਤ ਪਰਿਵਾਰ ਨੇ ਘਟਨਾ ਦੀ ਪੂਰੀ ਵੀਡੀਓ ਅਤੇ ਪੁਲਿਸ ਨੂੰ ਸ਼ਿਕਾਇਤ ਸੌਂਪ ਦਿੱਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਸ਼ੁਰੂ ਵਿੱਚ ਕਾਰਵਾਈ ਕਰਨ ਤੋਂ ਬਚ ਰਹੀ ਸੀ।
ਪਤੀ ਦਾ ਹੱਥ ਤੋੜ ਦਿੱਤਾ, ਪੁੱਤਰ ਦਾ ਸਿਰ ਤੋੜ ਦਿੱਤਾ
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਕਰਨਲ ਦੀ ਪਤਨੀ ਨੇ ਕਿਹਾ ਸੀ ਕਿ ਉਸਦੇ ਪਤੀ ਪੁਸ਼ਪਿੰਦਰ ਸਿੰਘ ਬਾਠ ਅਤੇ ਪੁੱਤਰ ਅੰਗਦ ਸਿੰਘ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਸਮੇਤ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ।
ਇਹ ਘਟਨਾ ਪਟਿਆਲਾ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ਨੇੜੇ ਵਾਪਰੀ। ਇਸ ਦੌਰਾਨ ਉਸਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਖੱਬੀ ਬਾਂਹ ਟੁੱਟ ਗਈ। ਪੁੱਤਰ ਅੰਗਦ ਸਿੰਘ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ ਜਿਸ ਕਾਰਨ ਦੋਵਾਂ ਨੂੰ 14 ਮਾਰਚ ਨੂੰ ਦੁਪਹਿਰ 2:00 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਸੀਸੀਟੀਵੀ ਫੁਟੇਜ ਵਿੱਚ ਸਭ ਕੁਝ ਸਾਫ਼ ਹੈ, ਫਿਰ ਵੀ ਪੁਲਿਸ ਦੇਰ ਨਾਲ ਪਹੁੰਚੀ
ਘਟਨਾ ਵਾਲੀ ਥਾਂ ਦੀ ਫੁਟੇਜ ਵਿੱਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ, ਪਰ ਇਸ ਦੇ ਬਾਵਜੂਦ, ਪਤੀ ਅਤੇ ਪੁੱਤਰ ਦੇ ਬਿਆਨ ਕਾਫ਼ੀ ਦੇਰ ਨਾਲ ਦਰਜ ਕੀਤੇ ਗਏ। ਅਜੇ ਤੱਕ ਸਬੰਧਤ ਪੁਲਿਸ ਸਟੇਸ਼ਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਪੀੜਤਾ ਦਾ ਦੋਸ਼ ਹੈ ਕਿ ਉਹ ਸਿਵਲ ਲਾਈਨਜ਼, ਪਟਿਆਲਾ ਪੁਲਿਸ ਸਟੇਸ਼ਨ ਦੇ ਚੱਕਰ ਲਗਾ ਰਹੀ ਹੈ, ਪਰ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ।
ਪੁਲਿਸ ਮੁਲਜ਼ਮਾਂ ਨੂੰ ਬਚਾਉਣ ਵਿੱਚ ਰੁੱਝੀ ਹੋਈ ਹੈ?
ਕਰਨਲ ਦੀ ਪਤਨੀ ਦਾ ਦੋਸ਼ ਲਗਾਇਆ ਸੀ ਕਿ ਪੁਲਿਸ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸਨੇ ਇਹ ਵੀ ਕਿਹਾ ਸੀ ਕਿ ਉਸਦੇ ਪਰਿਵਾਰ ਨੂੰ ਸਮਝੌਤਾ ਕਰਨ ਜਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਸੀ। ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਗਈ, ਤਾਂ ਦੋਸ਼ੀ ਨੇ ਉਸ ‘ਤੇ ਹਮਲੇ ਦਾ ਝੂਠਾ ਦੋਸ਼ ਲਗਾਇਆ।
ਇਹ ਵੀ ਪੜ੍ਹੋ – ਪਟਿਆਲਾ ‘ਚ ਪੁਲਿਸ ਇੰਸਪੈਕਟਰਾਂ ਵੱਲੋਂ ਫੌਜੀ ਕਰਨਲ ਦੀ ਕੁੱਟਮਾਚ, ਪਤਨੀ ਨੇ ਮੀਡੀਆ ਅੱਗੇ ਕੀਤੇ ਕਈ ਖੁਲਾਸੇ