ਪਠਾਨਕੋਟ : ਪਿਟਬੁਲ ਕੁੱਤਿਆਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਵੱਧ ਰਹੀਆਂ ਹਨ। ਹੁਣ ਤਾਜ਼ਾ ਘਟਨਾ ਪੰਜਾਬ ਦੇ ਪਠਾਨਕੋਟ ਵਿੱਚ ਵਾਪਰੀ ਹੈ। ਇੱਥੇ ਇੱਕ ਪਿਟਬੁਲ ਕੁੱਤੇ(Pitbull) ਨੇ 15 ਕਿਲੋਮੀਟਰ ਦੇ ਖੇਤਰ ਵਿੱਚ 5 ਪਿੰਡਾਂ ਵਿੱਚ ਘੁੰਮ ਕੇ ਹੰਗਾਮਾ ਮਚਾ ਦਿੱਤਾ। 6 ਘੰਟਿਆਂ ਦੇ ਅੰਦਰ, ਪਿਟਬੁੱਲ ਨੇ 12 ਲੋਕਾਂ ‘ਤੇ ਹਮਲਾ ਕੀਤਾ। ਜ਼ਖ਼ਮੀਆਂ ਨੂੰ ਗੁਰਦਾਸਪੁਰ ਅਤੇ ਦੀਨਾਨਗਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਲੋਕਾਂ ਤੋਂ ਇਲਾਵਾ ਕਈ ਪਸ਼ੂ ਵੀ ਇਸ ਪਿਟਬੁਲ ਕੁੱਤੇ ਦਾ ਸ਼ਿਕਾਰ ਬਣੇ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਬਾਅਦ ਵਿੱਚ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਨੇ ਕੁੱਤੇ ਨੂੰ ਮਾਰ ਦਿੱਤਾ।
ਪਿਟਬੁਲ ਨੇ ਵੀਰਵਾਰ ਦੇਰ ਰਾਤ ਤੰਗੋਸ਼ਾਹ ਪਿੰਡ ਵਿੱਚ 2 ਮਜ਼ਦੂਰਾਂ ਨੂੰ ਸਭ ਤੋਂ ਪਹਿਲਾਂ ਵੱਢਿਆ। ਮਜ਼ਦੂਰਾਂ ਨੇ ਉਸ ਨੂੰ ਬੰਨ੍ਹ ਲਿਆ, ਪਰ ਕੁੱਤਾ ਜਲਦੀ ਹੀ ਛੁਡਵਾ ਕੇ ਭੱਜ ਗਿਆ ਅਤੇ ਫਿਰ ਦੇਰ ਰਾਤ ਪਿੰਡ ਰਾਂਝੇ ਦੇ ਕੋਠੇ ਪਿੰਡ ਪਹੁੰਚਿਆ ਅਤੇ ਬਜ਼ੁਰਗ ਦਲੀਪ ਕੁਮਾਰ ‘ਤੇ ਹਮਲਾ ਕਰ ਦਿੱਤਾ। ਦਲੀਪ ਭੱਜਿਆ, ਪਰ ਕੁੱਤੇ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਫਿਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਰ ਪਿਟਬੁਲ ਨੇ ਇਸ ਪਿੰਡ ਦੇ ਬਲਦੇਵ ਰਾਜ ਦੇ ਵੱਛੇ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰੋਟਾ ਵੱਲ ਭੱਜਿਆ। ਰਸਤੇ ਵਿੱਚ ਕਈ ਜਾਨਵਰ ਵੱਢੇ। ਇਕ ਭੱਠੇ ‘ਤੇ ਉਸ ਨੇ ਰਾਮਨਾਥ ਨਾਂ ਦੇ ਚੌਕੀਦਾਰ ‘ਤੇ ਹਮਲਾ ਕਰ ਦਿੱਤਾ। ਫਿਰ ਪਿਟਬੁਲ ਛੰਨੀ ਪਿੰਡ ਪਹੁੰਚਿਆ ਅਤੇ ਮੰਗਲ ਸਿੰਘ ਨੂੰ ਨਿਸ਼ਾਨਾ ਬਣਾਇਆ।
ਸ਼ੁੱਕਰਵਾਰ ਤੜਕੇ ਪਿਟਬੁਲ ਕੁੰਡੇ ਪਿੰਡ ਪਹੁੰਚਿਆ ਅਤੇ ਉਥੇ ਪੈਦਲ ਜਾ ਰਹੇ ਗੁਲਸ਼ਨ ਕੁਮਾਰ, ਧਰਮ ਚੰਦ, ਦਰਸ਼ਨਾ ਦੇਵੀ, ਅਸ਼ੋਕ ਸ਼ਰਮਾ, ਵਿਭੀਸ਼ਨ ਕੁਮਾਰ ਅਤੇ ਗੋਪੀ ਸ਼ਰਮਾ ਉੱਤੇ ਹਮਲਾ ਕੀਤਾ। ਇੱਥੋਂ ਫਰਾਰ ਹੋ ਕੇ ਉਹ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤ ਵਿੱਚ ਸੈਰ ਕਰ ਰਹੇ ਫੌਜ ਦੇ ਸੇਵਾਮੁਕਤ ਕਪਤਾਨ ਸ਼ਕਤੀ ਸਲਾਰੀਆ ਦੀ ਬਾਂਹ ’ਤੇ ਹਮਲਾ ਕਰਕੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ। ਸਲਾਰੀਆ ਨੇ ਡੰਡੇ ਨਾਲ ਕੁੱਤੇ ਤੋਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਉਸ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਪਹੁੰਚ ਗਏ। ਕੁੱਤੇ ਨੂੰ ਘੇਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਲੋਕਾਂ ਦੀ ਦਹਿਸ਼ਤ ਸ਼ਾਂਤ ਹੋ ਗਈ। ਪਿੱਟਬੁਲ ਦੇ ਸਾਰੇ ਪੀੜਤਾਂ ਦਾ ਇਲਾਜ ਕਰਵਾਇਆ ਗਿਆ।