India International Punjab

ਅਰਮੀਨੀਆ ਦੀ ਜੇਲ੍ਹ ’ਚ 12 ਭਾਰਤੀ ਕੈਦ, ਪੰਜਾਬ ਤੇ ਹਰਿਆਣਾ ਦੇ ਵੀ 2-2 ਨੌਜਵਾਨ

ਹਾਲ ਹੀ ਵਿੱਚ ਅਰਮੀਨੀਆ ਦੀ ਜੇਲ੍ਹ ਵਿੱਚ 12 ਭਾਰਤੀ ਨੌਜਵਾਨਾਂ ਦੇ ਕੈਦ ਹੋਣ ਦੀ ਵੀਡੀਓ ਸਾਹਮਣੇ ਆਈ ਜਿਸ ਤੋਂ ਬਾਅਦ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਨਾਲ ਸੰਪਰਕ ਸਾਧਿਆ ਹੈ। ਭਾਰਤੀ ਦੂਤਾਘਰ ਦੇ ਅਧਿਕਾਰੀ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲੇ ਹਨ।

ਜਾਣਕਾਰੀ ਮੁਤਾਬਕ ਇਹ ਸਾਰੇ ਨੌਜਵਾਨ ਫਰਵਰੀ-ਮਾਰਚ ਦੇ ਆਸਪਾਸ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਅਰਮੀਨੀਆ-ਜਾਰਜੀਆ ਸਰਹੱਦ ਪਾਰ ਕਰ ਰਹੇ ਸਨ ਜਿਸ ਦੌਰਾਨ ਅਰਮੀਨੀਆ ਦੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕੀਤੀ ਸੀ ਕਿ ਉਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਧੋਖਾ ਦਿੱਤਾ ਹੈ।

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤੀ ਸੀ। ਜ਼ਿਆਦਾਤਰ ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ’ਤੇ ਉੱਥੇ ਮੁਕੱਦਮੇ ਵੀ ਚੱਲ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਤਿੰਨ ਤੋਂ ਛੇ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੇ ਵੀਡੀਓ ਜ਼ਰੀਏ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਦੱਸ ਦੇਈਏ 12 ਭਾਰਤੀਆਂ ਵਿੱਚੋਂ ਹਾਲੇ ਸਿਰਫ਼ ਸੱਤ ਦੀ ਪਛਾਣ ਹੋਈ ਹੈ। ਇਨ੍ਹਾਂ ਵਿੱਚ 2 ਨੌਜਵਾਨ ਪੰਜਾਬ ਤੇ 2 ਹਰਿਆਣਾ ਦੇ ਹਨ। ਪੰਜਾਬ ਦੇ ਲੁਧਿਆਣਾ ਦੇ ਖੰਨਾ ਤੋਂ ਰਾਮ ਪਾਲ ਤੇ ਪਟਿਆਲਾ ਤੋਂ ਰਜਤ ਸਿੰਘ ਹਨ ਜਦਕਿ ਹਰਿਆਣਾ ਦੇ ਕੈਥਲ ਤੋਂ ਗੁਰਮੀਤ ਸਿੰਘ ਤੇ ਕਰਨਾਲ ਤੋਂ ਸ਼ਿਵਮ ਕੁਮਾਰ ਤੇ ਪੀਲੀਭੀਤ ਤੋਂ ਹੈਪੀ ਸਿੰਘ ਦੀ ਪਛਾਣ ਹੋਈ ਹੈ। ਇਸੇ ਤਰ੍ਹਾਂ ਉੱਤਰਾਖੰਡ ਤੋਂ ਮੇਜਰ ਸਿੰਘ ਤੇ ਪੱਛਮੀ ਬੰਗਾਲ ਤੋਂ ਮਨੀਰੁਜ਼ਮਾ 12 ਭਾਰਤੀਆਂ ਵਿੱਚ ਸ਼ਾਮਲ ਹਨ ਜੋ ਇਸ ਸਮੇਂ ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਹਨ।

ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਨਾ ਪਾਉਣ।

ਇਹ ਵੀ ਪੜ੍ਹੋ- ਇੰਤਜ਼ਾਰ ਦੀਆਂ ਘੜੀਆਂ ਖਤਮ, ਸ਼ਾਮ ਤੱਕ ਕਿਸਾਨਾਂ ਦੇ ਖਾਤਿਆਂ ‘ਚ ਆਵੇਗੀ 17ਵੀਂ ਕਿਸ਼ਤ