ਬ੍ਰਿਟੇਨ(Britain) ‘ਚ 12 ਭਾਰਤੀਆਂ ਨੂੰ ਗ੍ਰਿਫਤਾਰ( 12 Indians arrested)ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸਾਰੇ ਗੱਦੇ ਅਤੇ ਕੇਕ ਫੈਕਟਰੀਆਂ ਵਿੱਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ‘ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ। ਬ੍ਰਿਟਿਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ।
ਬ੍ਰਿਟੇਨ ਦੇ ਗ੍ਰਹਿ ਦਫਤਰ ਦੇ ਇਕ ਬਿਆਨ ਦੇ ਅਨੁਸਾਰ, ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿਚ ਗੱਦੇ ਦੇ ਕਾਰੋਬਾਰ ਨਾਲ ਸਬੰਧਤ ਇਕ ਯੂਨਿਟ ‘ਤੇ ਛਾਪਾ ਮਾਰਿਆ। ਅਧਿਕਾਰੀਆਂ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਇੱਥੇ ਨਾਜਾਇਜ਼ ਕੰਮ ਚੱਲ ਰਿਹਾ ਹੈ।
ਬਿਆਨ ਮੁਤਾਬਕ 7 ਭਾਰਤੀਆਂ ਨੂੰ ਇਕ ਗੱਦੇ ਬਣਾਉਣ ਵਾਲੀ ਫੈਕਟਰੀ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਨੇੜੇ ਦੀ ਕੇਕ ਫੈਕਟਰੀ ਤੋਂ 4 ਲੋਕਾਂ ਨੂੰ ਫੜਿਆ ਗਿਆ। ਇਨ੍ਹਾਂ ਚਾਰਾਂ ‘ਤੇ ਵੀਜ਼ਾ ਉਲੰਘਣਾ ਦਾ ਦੋਸ਼ ਹੈ। ਇਸ ਤੋਂ ਇਲਾਵਾ ਇਕ ਭਾਰਤੀ ਔਰਤ ਨੂੰ ਵੀ ਇਮੀਗ੍ਰੇਸ਼ਨ ਅਪਰਾਧ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਲੋਕਾਂ ਨੂੰ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਕਾਰਵਾਈ ਪੂਰੀ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਜੇਕਰ ਇਹ ਦੋਸ਼ ਸਾਬਤ ਹੋ ਜਾਂਦਾ ਹੈ ਕਿ ਸਬੰਧਤ ਫੈਕਟਰੀ ਵਿੱਚ ਗੈਰ-ਕਾਨੂੰਨੀ ਮਜ਼ਦੂਰ ਰੱਖੇ ਗਏ ਸਨ ਅਤੇ ਰੁਜ਼ਗਾਰ ਦੇਣ ਤੋਂ ਪਹਿਲਾਂ ਲੋੜੀਂਦੀ ਜਾਂਚ ਨਹੀਂ ਕੀਤੀ ਗਈ ਤਾਂ ਦੋਵਾਂ ਫੈਕਟਰੀਆਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਟਾਈਮਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2022 ਵਿੱਚ 233 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਇੰਗਲਿਸ਼ ਚੈਨਲ ਪਾਰ ਕੀਤਾ ਸੀ। ਜਦੋਂ ਕਿ 2023 ਵਿੱਚ, ਇਹ ਅੰਕੜਾ ਇੱਕ ਮਹੀਨੇ ਵਿੱਚ 250 ਨੂੰ ਪਾਰ ਕਰ ਗਿਆ ਸੀ। ਇਸ ਨਾਲ ਭਾਰਤੀ ਸਮੂਹ ਅਫਗਾਨ ਅਤੇ ਸੀਰੀਆ ਦੇ ਲੋਕਾਂ ਤੋਂ ਬਾਅਦ ਅਜਿਹਾ ਕਰਨ ਵਾਲਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ।
ਹਾਲਾਂਕਿ, ਨਵੰਬਰ 2022 ਵਿੱਚ, ਬ੍ਰਿਟਿਸ਼ ਗ੍ਰਹਿ ਦਫਤਰ ਨੇ ਗੈਰ-ਕਾਨੂੰਨੀ ਤੌਰ ‘ਤੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਅਤੇ ਬ੍ਰਿਟੇਨ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਅਨੁਸਾਰ 2022 ਦੇ ਪਹਿਲੇ 6 ਮਹੀਨਿਆਂ ਵਿੱਚ ਛੋਟੀ ਕਿਸ਼ਤੀ ਰਾਹੀਂ ਬਰਤਾਨੀਆ ਪਹੁੰਚਣ ਵਾਲੇ ਸਭ ਤੋਂ ਵੱਧ ਲੋਕਾਂ ਵਿੱਚ ਅਲਬਾਨੀਆ (51%), ਅਫਗਾਨਿਸਤਾਨ (18%) ਅਤੇ ਈਰਾਨ (15%) ਦੇ ਨਾਗਰਿਕ ਸ਼ਾਮਲ ਹਨ। ਇਸ ਸੂਚੀ ਵਿੱਚ ਭਾਰਤੀਆਂ ਦਾ ਜ਼ਿਕਰ ਨਹੀਂ ਸੀ।