Punjab

1158 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਕੀਤਾ ਗਿਆ ਸਸਕਾਰ, ਧੀ ਨੂੰ ਨੌਕਰੀ ਦੇ ਭਰੋਸੇ ‘ਤੇ ਬਣੀ ਸਹਿਮਤੀ

1158 Assistant Professor Balwinder Kaur cremated, agreement reached on job assurance to daughter

ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਸਸਕਾਰ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਭਰੋਸਾ ਦੇਣ ਮਗਰੋਂ ਪਰਿਵਾਰ ਸਸਕਾਰ ਲਈ ਰਾਜੀ ਹੋ ਗਿਆ ਸੀ। ਸਰਕਾਰ ਵੱਲੋਂ ਮ੍ਰਿਤਕ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਪਰਿਵਾਰ ਨੇ ਇਨਸਾਫ ਮਿਲਣ ਤੱਕ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਅੱਜ ਅਧਿਕਾਰੀਆਂ ਨੇ ਪਰਿਵਾਰ ਨਾਲ ਮੀਟਿੰਗ ਕਰਕੇ ਮ੍ਰਿਤਕ ਪ੍ਰੋਫੈਸਰ ਦੀ ਧੀ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ। ਇਸ ਮਗਰੋਂ ਪਰਿਵਾਰ ਸਸਕਾਰ ਲਈ ਸਹਿਮਤ ਹੋ ਗਿਆ।

ਦੂਜੇ ਪਾਸੇ 1158 ਸਹਾਇਕ ਪ੍ਰੋਫੈਸਰ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਏ ਗਏ ਹਨ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਬੀਤੇ ਦਿਨੀਂ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਵੀ ਮਿਲ ਗਈ ਸੀ। ਉਸ ਦੀ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ ਸੀ ਅਤੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਰੋਪੜ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ।

ਮੌਤ ਤੋਂ ਪਹਿਲਾਂ ਬਲਵਿੰਦਰ ਕੌਰ ਦਾ ਇੱਕ ਸੁਸਾਈਡ ਨੋਟ ਵੀ ਵਾਇਰਲ ਹੋਇਆ ਸੀ। ਮੈਸੇਜ ਵਿੱਚ ਬਲਵਿੰਦਰ ਕੌਰ ਨੇ ਕਿਹਾ ਸੀ ਕਿ ਮੇਰਾ ਖੁਦਕੁਸ਼ੀ ਪੱਤਰ 1158 ਫਰੰਟ ਨੂੰ ਦੇ ਦਿਓ ਅਤੇ ਮੇਰੀ ਲਾਸ਼ ਵੀ ਇੱਕ ਦਿਨ ਵਾਸਤੇ ਫਰੰਟ ਨੂੰ ਦਿੱਤੀ ਜਾਵੇ। ਸਿੱਖੀ ਸਿਧਾਂਤਾਂ ਮੁਤਾਬਕ ਮੇਰਾ ਸਸਕਾਰ ਮੇਰੇ ਸਿਰ ਉੱਤੇ ਦਸਤਾਰ ਸਜਾ ਕੇ ਕਰ ਦਿਓ। ਮੈਂ ਬਹੁਤ ਜ਼ਿਆਦਾ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋ ਗਈ ਹਾਂ। ਮੈਂ ਜਿਸਦੇ ਪੈਸੇ ਜਿਸਨੂੰ ਦੇਣੇ ਸਨ, ਉਹ ਉਸਨੂੰ ਦੇ ਦਿੱਤੇ ਹਨ।

ਅਸਲ ਵਿਚ ਮਾਮਲਾ ਇਹ ਸੀ ਕਿ ਨਿਯੁਕਤੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਸਨ ਜਿਸ ਕਾਰਨ ਬਲਵਿੰਦਰ ਕੌਰ ਪਰੇਸ਼ਾਨ ਰਹਿੰਦੀ ਸੀ। ਜਿਸ ਤੋਂ ਬਾਅਦ ਬਲਵਿੰਦਰ ਕੌਰ ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।