ਬਿਉਰੋ ਰਿਪੋਰਟ: ਪੰਜਾਬ ਦੇ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਕਿਸੇ ਜੋਗਾ ਨਹੀਂ ਛੱਡਿਆ ਹੈ । ਟੈਸਟ ਪਾਸ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਹਨ ਪਰ ਹੁਣ ਤੱਕ ਸਟੇਸ਼ਨ ਅਲਾਟ ਨਹੀਂ ਹੋਏ ਹਨ । ਜਦਕਿ ਉਹ ਆਪਣੀ ਪੱਕੀ ਨੌਕਰੀ ਛੱਡ ਕੇ ਇਸ ਉਮੀਦ ਨਾਲ ਆਏ ਸਨ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਅਤੇ ਉਹ ਹੁਣ ਸਰਕਾਰੀ ਨੌਕਰੀ ਸ਼ੁਰੂ ਕਰ ਸਕਣਗੇ । ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਸਹਾਇਕ ਪ੍ਰੋਫੈਸਰਾ ਨੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਨੇੜੇ ਪੱਕਾ ਧਰਨਾ ਲਗਾਇਆ ਹੈ । ਯੂਨੀਅਨ ਵੱਲੋਂ ਧਰਨੇ ਦਾ ਦੂਜਾ ਦਿਨ ਹੈ । ਕਨਵੀਨਰ ਜਸਵਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀ ਰਾਤ ਟ੍ਰੈਫਿਕ ਲੋਡਿਡ ਸੜਕ ਦੇ ਕਿਨਾਰੇ ਬਿਤਾਈ ਸੀ, ਜਿਸ ਵਿੱਚ 60 ਫੀਸਦੀ ਮਹਿਲਾ ਉਮੀਦਵਾਰ ਵੀ ਸ਼ਾਮਲ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਪਿੰਡ ਵਾਸੀ ਉਨ੍ਹਾਂ ਪ੍ਰਤੀ ਬਹੁਤ ਹਮਦਰਦੀ ਰੱਖਦੇ ਹਨ ਉਹ ਬਿਜਲੀ ਅਤੇ ਭੋਜਨ ਦੀ ਸਪਲਾਈ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਇਹ ਦਰਸਾਉਣ ਲਈ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਪਿਛਲੀਆਂ ਨੌਕਰੀਆਂ ਖੋਹ ਕੇ ਅਤੇ ਉਨ੍ਹਾਂ ਦੇ ਚੁਣੇ ਹੋਏ ਅਤੇ ਹੋਣਹਾਰ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਕਰਕੇ ਉਨ੍ਹਾਂ ਨੂੰ ਬੇਘਰ ਬਣਾ ਦਿੱਤਾ ਹੈ। ਸਹਾਇਕ ਪ੍ਰੋਫੈਸਰਾ ਨੇ ਕਿਹਾ ਸਰਕਾਰ ਦਾ ਵਤੀਰਾ ਬਹੁਤ ਸਖ਼ਤ ਅਤੇ ਅਣਗਹਿਲੀ ਵਾਲਾ ਸੀ । ਕਨਵੀਨਰ ਟੀਮ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ,ਉਹ ਕਿਸੇ ਵੀ ਕੀਮਤ ‘ਤੇ ਧਰਨਾ ਨਹੀਂ ਚੁੱਕਣਗੇ।