‘ਦ ਖ਼ਾਲਸ ਬਿਊਰੋ : ਕਰੋਨਾ ਦਾ ਖਤਰਾ ਇੱਕ ਵਾਰ ਮੁੜ ਮਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਭਾਰਤ ਵਿੱਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਆਏ ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ ਓਮੀਕਰੋਨ ਦੇ 11 ਸਬ-ਵੇਰੀਐਂਟ ਸਾਹਮਣੇ ਆਏ ਹਨ। ਹਾਲਾਂਕਿ, ਇਹ ਸਾਰੇ ਸਬ-ਵੇਰੀਐਂਟ ਪਹਿਲਾ ਹੀ ਭਾਰਤ ਵਿੱਚ ਮੌਜੂਦ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਵਕਫ਼ੇ ਦੌਰਾਨ ਕੁੱਲ 19,227 ਕੌਮਾਂਤਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 124 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਸੂਤਰਾਂ ਅਨੁਸਾਰ ਇਨ੍ਹਾਂ 124 ਕਰੋਨਾ ਪੀੜਤਾਂ ਦੇ ਨਮੂਨੇ ਜੀਨੋਮ-ਸੀਕੁਐਸਿੰਗ ਲਈ ਭੇਜੇ ਗਏ, ਜਿਨ੍ਹਾਂ ਵਿੱਚੋਂ 40 ਦੀ ਰਿਪੋਰਟ ਆ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਸਾਰੇ ਵੇਰੀਐਂਟ ਪਹਿਲਾਂ ਤੋਂ ਹੀ ਦੇਸ਼ ਵਿੱਚ ਮੌਜੂਦ ਹਨ। ਇਸੇ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੱਜ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ 188 ਕੇਸ ਪਾਜ਼ੇਟਿਵ ਆਏ ਹਨ। ਹਾਲਾਂਕਿ ਬੁੱਧਵਾਰ ਨੂੰ ਪਾਜ਼ੇਟਿਵ ਆਏ ਕਰੋਨਾ ਕੇਸਾਂ ਦੀ ਗਿਣਤੀ 175 ਸੀ। ਮੰਤਰਾਲੇ ਅਨੁਸਾਰ ਦੇਸ਼ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ 0.01 ਫ਼ੀਸਦੀ ਹੈ, ਜਦਕਿ ਕਰੋਨਾ ਦੀ ਰਿਕਵਰੀ ਦਰ 98.8 ਫ਼ੀਸਦ ਦਰਜ ਕੀਤੀ ਗਈ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਨੂੰ ਕੋਵਿਡ-19 ਬਾਰੇ ਬੇਵਜ੍ਹਾ ਨਾ ਘਬਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਾਵਧਾਨ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਨਵੇਂ-ਨਵੇਂ ਰੂਪ ਆਉਂਦੇ ਰਹਿਣਗੇ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦਾ ਕਿਹੜਾ ਵੇਰੀਐਂਟ ਅਸਰ ਦਿਖਾਏਗਾ।