ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ’ਚ ਸ਼ੁਕਰਵਾਰ ਦੁਪਹਿਰ ਮਹਾਰਾਸ਼ਟਰ ਸੂਬਾ ਸੜਕ ਆਵਾਜਾਈ ਨਿਗਮ (ਐਮ.ਐਸ.ਆਰ.ਟੀ.ਸੀ.) ਦੀ ਬਸ ਪਲਟ ਜਾਣ ਨਾਲ ਘੱਟ ਤੋਂ ਘੱਟ 11 ਸਵਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਗੋਂਦੀਆ ਕੋਹਮਾਰਾ ਰਾਜ ਮਾਰਗ ‘ਤੇ ਪਿੰਡ ਖਜਰੀ ਨੇੜੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਯਾਤਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਮਹਾਰਾਸ਼ਟਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮ.ਐੱਸ.ਆਰ.ਟੀ.ਸੀ.) ਦੀ ਸ਼ਿਵਸ਼ਾਹੀ ਬੱਸ ਪਲਟ ਜਾਣ ਕਾਰਨ ਕਈ ਯਾਤਰੀਆਂ ਦੀ ਮੌਤ ਹੋ ਗਈ।
ਇਹ ਹਾਦਸਾ ਅੱਜ ਦੁਪਹਿਰ 12:00 ਤੋਂ 12:30 ਦਰਮਿਆਨ ਵਾਪਰਿਆ। ਭੰਡਾਰਾ ਤੋਂ ਸਕੋਲੀ ਲਖਾਨੀ ਵਾਇਆ ਗੋਂਦੀਆ ਵੱਲ ਜਾ ਰਹੀ ਸ਼ਿਵਸ਼ਾਹੀ ਬੱਸ (ਨੰਬਰ ਐਮ.ਐਚ. 09/ਈ. ਐਮ. 1273) ਦੇ ਸਾਹਮਣੇ ਅਚਾਨਕ ਇੱਕ ਬਾਈਕ ਆ ਗਿਆ। ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਰਾਈਵਰ ਬੇਕਾਬੂ ਹੋ ਗਿਆ, ਜਿਸ ਕਾਰਨ ਤੇਜ਼ ਰਫਤਾਰ ਬੱਸ ਪਲਟ ਗਈ।
ਹਾਦਸੇ ਦੇ ਸਮੇਂ ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ 9 ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ। ਬੱਸ ਵਿੱਚ ਸਵਾਰ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਚਸ਼ਮਦੀਦਾਂ ਮੁਤਾਬਕ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਰਾਹਗੀਰਾਂ ਵੱਲੋਂ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਐਂਬੂਲੈਂਸ ਵਿਭਾਗ ਅਤੇ ਪੁਲਸ ਵਿਭਾਗ ਨੇ ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਗੋਂਡੀਆ ਦੇ ਜ਼ਿਲਾ ਸਰਕਾਰੀ ਕੇ.ਟੀ.ਐੱਸ. ਹਸਪਤਾਲ ‘ਚ ਦਾਖਲ ਕਰਵਾਇਆ। ਹਾਦਸਾਗ੍ਰਸਤ ਹੋ ਕੇ ਪਲਟ ਗਈ ਸ਼ਿਵਸ਼ਾਹੀ ਬੱਸ ਨੂੰ ਚੁੱਕਣ ਲਈ ਕਰੇਨ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।