ਨਵੀਂ ਮੁੰਬਈ ਦੇ ਖਾਰਘਰ ਵਿਖੇ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ (Maharashtra Bhushan Award) ਸਮਾਰੋਹ ਦੌਰਾਨ ਘੱਟੋ-ਘੱਟ ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਨਿਊਜ਼ 18 ਦੀ ਖ਼ਬਰ ਮੁਤਾਬਿਕ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਫਿਲਹਾਲ ਹਸਪਤਾਲ ‘ਚ 24 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ (Eknath Shinde) ਨੇ ਐਮਜੀਐਮ ਹਸਪਤਾਲ ਦਾ ਦੌਰਾ ਕੀਤਾ । ਸਮਾਜਿਕ ਕਾਰਕੁਨ ਦੱਤਾਤ੍ਰੇਯ ਨਰਾਇਣ ਉਰਫ਼ ਅਪਾਸਾਹਿਬ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਲੱਖਾਂ ਸ਼ਰਧਾਲੂਆਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਸਰਕਾਰ ਦੁਆਰਾ ਸਥਾਪਤ ਪੁਰਸਕਾਰ ਪ੍ਰਦਾਨ ਕੀਤਾ।
ਇਸ ਪ੍ਰੋਗਰਾਮ ਲਈ ਸਵੇਰ ਤੋਂ ਹੀ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ। ਇਹ ਪ੍ਰੋਗਰਾਮ ਸਵੇਰੇ 11.30 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ 1 ਵਜੇ ਤੱਕ ਚੱਲਿਆ। ਘਟਨਾ ਸਥਾਨ ‘ਤੇ ਡਿਊਟੀ ‘ਤੇ ਮੌਜੂਦ ਮਾਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ, ‘ਕੁੱਲ 123 ਲੋਕਾਂ ਨੇ ਸਮਾਗਮ ਦੌਰਾਨ ਗਰਮੀ ਨਾਲ ਸਬੰਧਤ ਸਿਹਤ ਬਿਮਾਰੀਆਂ, ਜਿਵੇਂ ਕਿ ਡੀਹਾਈਡਰੇਸ਼ਨ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਸਥਾਪਿਤ 30 ਮੈਡੀਕਲ ਬੂਥਾਂ ‘ਤੇ ਭੇਜਿਆ ਗਿਆ। ਜਿਨ੍ਹਾਂ ਨੂੰ ਹੋਰ ਇਲਾਜ ਦੀ ਲੋੜ ਸੀ, ਉਨ੍ਹਾਂ ਵਿੱਚੋਂ 13 ਵਿਅਕਤੀਆਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਰਿਪੋਰਟ ਮੁਤਾਬਕ, “ਕੁੱਲ 30 ਡਾਕਟਰ ਮੈਡੀਕਲ ਬੂਥਾਂ ‘ਤੇ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਕੋਲ ਲੋਕਾਂ ਦੇ ਇਲਾਜ ਲਈ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੀ ਸਹੂਲਤ ਸੀ।” ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੌਤਾਂ ਨੂੰ “ਮੰਦਭਾਗਾ ਅਤੇ ਦੁਖਦਾਈ” ਕਰਾਰ ਦਿੱਤਾ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਇੱਕ ਟਵੀਟ ਵਿੱਚ ਫੜਨਵੀਸ ਨੇ ਕਿਹਾ, “ਇਹ ਬਹੁਤ ਮੰਦਭਾਗਾ ਅਤੇ ਦੁਖਦਾਈ ਹੈ ਕਿ ਅੱਜ ਸਵੇਰੇ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ ਕੁਝ ਮੈਂਬਰਾਂ ਦੀ ਵਧੀ ਗਰਮੀ ਕਾਰਨ ਮੌਤ ਹੋ ਗਈ।”
ਉਨ੍ਹਾਂ ਨੇ ਆਪਣੇ ਟਵੀਟ ‘ਚ ਅੱਗੇ ਲਿਖਿਆ, ‘ਮੇਰੀ ਦਿਲੋਂ ਸ਼ਰਧਾਂਜਲੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰਾਜ ਸਰਕਾਰ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਉਨ੍ਹਾਂ ਦੇ ਇਲਾਜ ਦਾ ਖਰਚਾ ਚੁੱਕੇਗੀ। ਉਨ੍ਹਾਂ ਅੱਗੇ ਕਿਹਾ, ‘ਮੁੱਖ ਮੰਤਰੀ ਨੇ ਖੁਦ ਹਸਪਤਾਲ ਦਾ ਦੌਰਾ ਕੀਤਾ ਅਤੇ ਜਾਣਕਾਰੀ ਲਈ ਅਤੇ ਡਾਕਟਰਾਂ ਨੂੰ ਸਹੀ ਨਿਰਦੇਸ਼ ਦਿੱਤੇ। ਪ੍ਰਸ਼ਾਸਨ ਪੂਰਾ ਤਾਲਮੇਲ ਬਣਾ ਰਿਹਾ ਹੈ ਅਤੇ ਅਸੀਂ ਲਗਾਤਾਰ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।