India

ਫਰਿੱਜ ’ਚੋਂ ਕਥਿਤ ਤੌਰ ’ਤੇ ‘ਬੀਫ’ ਮਿਲਣ ’ਤੇ 11 ਘਰਾਂ ’ਤੇ ਚੱਲਿਆ ਬੁਲਡੋਜ਼ਰ

ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਮੰਡਲਾ ਜ਼ਿਲ੍ਹੇ ਵਿੱਚ ਫਰਿੱਜ ’ਚ ਕਥਿਤ ਤੌਰ ’ਤੇ ਬੀਫ (Beef) ਮਿਲਣ ਤੋਂ ਬਾਅਦ 11 ਲੋਕਾਂ ਦੇ ਘਰ ਢਾਹ ਦਿੱਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਮਕਾਨ ਸਰਕਾਰੀ ਜ਼ਮੀਨ ’ਤੇ ਬਣੇ ਹੋਏ ਸਨ। ਮੰਡਲਾ ਦੇ ਪੁਲਿਸ ਸੁਪਰਡੈਂਟ ਰਜਤ ਸਕਲੇਚਾ ਨੇ ਪੀਟੀਆਈ ਨੂੰ ਦੱਸਿਆ ਕਿ ਨੈਨਪੁਰ ਦੇ ਭੈਂਸਵਾਹੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਗਾਵਾਂ ਨੂੰ ਕੱਟਣ ਲਈ ਬੰਧਕ ਬਣਾਇਆ ਗਿਆ ਸੀ। ਗੁਪਤ ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਉਥੇ ਪਹੁੰਚ ਗਈ। ਟੀਮ ਨੂੰ ਮੁਲਜ਼ਮਾਂ ਦੇ ਘਰ ਦੇ ਪਿੱਛੇ 150 ਗਾਵਾਂ ਬੰਨ੍ਹੀਆਂ ਹੋਈਆਂ ਮਿਲੀਆਂ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸਾਰੇ 11 ਮੁਲਜ਼ਮਾਂ ਦੇ ਘਰਾਂ ਦੇ ਫਰਿੱਜਾਂ ਤੋਂ ਗਊ ਮਾਸ ਬਰਾਮਦ ਕੀਤਾ ਗਿਆ ਹੈ। ਸਾਨੂੰ ਜਾਨਵਰਾਂ ਦੀ ਚਰਬੀ, ਪਸ਼ੂਆਂ ਦੀ ਖੱਲ ਅਤੇ ਹੱਡੀਆਂ ਵੀ ਮਿਲੀਆਂ, ਜੋ ਕਿ ਇੱਕ ਕਮਰੇ ਵਿੱਚ ਰੱਖੀਆਂ ਗਈਆਂ ਸਨ। ਮੀਟ ਦੇ ਨਮੂਨੇ ਸੈਕੰਡਰੀ ਡੀਐਨਏ ਜਾਂਚ ਲਈ ਹੈਦਰਾਬਾਦ ਭੇਜੇ ਗਏ ਹਨ।

ਕਿਉਂ ਢਾਹੇ ਗਏ ਘਰ?

ਮਕਾਨਾਂ ਨੂੰ ਢਾਹੇ ਜਾਣ ਦੇ ਸਵਾਲ ’ਤੇ ਪੁਲਿਸ ਸੁਪਰਡੈਂਟ ਨੇ ਕਿਹਾ ਕਿ 11 ਮੁਲਜ਼ਮਾਂ ਦੇ ਘਰ ਇਸ ਲਈ ਢਾਹ ਦਿੱਤੇ ਗਏ ਕਿਉਂਕਿ ਉਹ ਸਰਕਾਰੀ ਜ਼ਮੀਨ ’ਤੇ ਬਣੇ ਹੋਏ ਸਨ। ਗਾਵਾਂ ਅਤੇ ਬੀਫ ਦੀ ਬਰਾਮਦਗੀ ਤੋਂ ਬਾਅਦ ਸ਼ੁੱਕਰਵਾਰ (14 ਮਈ) ਰਾਤ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀ 10 ਦੀ ਭਾਲ ਜਾਰੀ ਹੈ।

ਪੁਲਿਸ ਸੁਪਰਡੈਂਟ ਸਕਲੇਚਾ ਨੇ ਕਿਹਾ ਕਿ 150 ਗਾਵਾਂ ਨੂੰ ਗਊ ਸ਼ੈੱਡ ਵਿੱਚ ਭੇਜਿਆ ਗਿਆ ਹੈ। ਭੈਂਸਵਾਹੀ ਖੇਤਰ ਪਿਛਲੇ ਕੁਝ ਸਮੇਂ ਤੋਂ ਗਊ ਤਸਕਰੀ ਦਾ ਅੱਡਾ ਬਣ ਗਿਆ ਸੀ। ਮੱਧ ਪ੍ਰਦੇਸ਼ ਵਿੱਚ ਗਊ ਹੱਤਿਆ ਲਈ ਸੱਤ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਦੱਸ ਦੇਈਏ ਵੱਖ-ਵੱਖ ਮੀਡੀਆ ਅਦਾਰਿਆਂ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨ ਹਨ।

ਇਹ ਵੀ ਪੜ੍ਹੋ – ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੂੰ ਅਮਰੀਕਾ ਲਿਆਂਦਾ ਗਿਆ