ਬਿਉਰੋ ਰਿਪੋਰਟ : INDIA ਗਠਜੋੜ ਵਿੱਚ ਆਪ (AAP)ਅਤੇ ਕਾਂਗਰਸ( CONGRESS) ਦੇ ਵਿਚਾਲੇ ਸੀਟ ਸ਼ੇਅਰਿੰਗ ਨੂੰ ਲੈਕੇ ਹੋਈ ਪਹਿਲੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਵੱਲੋਂ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਨੂੰ ਲੈਕੇ ਆਪਣਾ ਫਾਰਮੂਲਾ ਦੱਸ ਦਿੱਤਾ ਹੈ। ਸੂਤਰਾਂ ਦੇ ਮੁਤਾਬਿਕ ਗਠਜੋੜ ਨੂੰ ਲੈਕੇ ਕਾਂਗਰਸ ਦੇ ਇੰਚਾਰਜ ਮੁਕੁਲ ਵਾਸਨੀਕ ਨਾਲ ਹੋਈ ਮੀਟਿੰਗ ਵਿੱਚ ਆਪ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ 50-50 ਦੇ ਫਾਰਮੂਲੇ ਦੇ ਨਾਲ ਚੋਣ ਕਰਨ ਦੀ ਪੇਸ਼ਕਸ਼ ਰੱਖੀ ਹੈ । ਚੰਡੀਗੜ੍ਹ ਦੀ ਸੀਟ ਨੂੰ ਮਿਲਾਕੇ 14 ਸੀਟਾਂ ਬਣ ਦੀਆਂ ਹਨ । ਜਿਸ ਵਿੱਚ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇੱਕ ਸੀਟ ਸ਼ਾਮਲ ਹੈ । ਯਾਨੀ ਆਪ ਚਾਹੁੰਦੀ ਹੈ ਕਿ ਦੋਵੇ ਪਾਰਟੀਆਂ 7-7 ਸੀਟਾਂ ‘ਤੇ ਚੋਣ ਲੜੇ । ਪਰ ਉਹ ਸੀਟਾਂ ਕਿਹੜੀਆਂ ਹੋਣਗੀਆਂ ਇਸ ਬਾਰੇ ਹੁਣ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਉਧਰ ਕਾਂਗਰਸ ਦੇ ਆਗੂ ਉਨ੍ਹਾਂ 8 ਸੀਟਾਂ ਨੂੰ ਬਿਲਕੁਲ ਵੀ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ ਜਿੱਥੇ ਉਨ੍ਹਾਂ ਦੇ MPs ਨੇ 2019 ਵਿੱਚ ਚੋਣ ਜਿੱਤੀ ਸੀ। ਕਾਂਗਰਸ ਨੇ ਅੰਮ੍ਰਿਤਸਰ,ਖਡੂਰ ਸਾਹਿਬ,ਲੁਧਿਆਣਾ,ਜਲੰਧਰ,ਆਨੰਦਪੁਰ ਸਾਹਿਬ,ਫਤਿਹਗੜ੍ਹ ਸਾਹਿਬ,ਪਟਿਆਲਾ ਅਤੇ ਫਰੀਦਕੋਟ ਦੀ ਸੀਟ ਜਿੱਤੀ ਸੀ।
ਹਰਿਆਣਾ ਦੇ ਲਈ ਇਹ ਫਾਰਮੂਲਾ
ਹਰਿਆਣਾ ਵਿੱਚ ਆਪ ਵੱਲੋਂ 7-3 ਦਾ ਫਾਰਮੂਲਾ ਦਿੱਤਾ ਗਿਆ ਹੈ । ਸੂਬੇ ਵਿੱਚ ਲੋਕਸਭਾ ਦੀਆਂ 10 ਸੀਟਾਂ ਹਨ । ਆਮ ਆਦਮੀ ਪਾਰਟੀ ਪੰਜਾਬ ਨਾਲ ਲੱਗਦੀਆਂ 3 ਸੀਟਾਂ ‘ਤੇ ਚੋਣ ਲੜਨਾ ਚਾਹੁੰਦੀ ਹੈ । ਇਸ ‘ਤੇ ਕਾਂਗਰਸ ਆਗੂ ਮੁਕਲ ਵਾਸਨਿਕ ਨੇ ਕਿਹਾ ਹੈ ਕਿ ਉਹ ਹਾਈਕਮਾਨ ਨਾਲ ਚਰਚਾ ਕਰਨ ਤੋਂ ਬਾਅਦ ਇਸ ‘ਤੇ ਫੈਸਲਾ ਕਰਨਗੇ । ਅਗਲੀ ਮੀਟਿੰਗ ਵਿੱਚ ਇਸ ‘ਤੇ ਚਰਚਾ ਹੋਵੇਗਾ, ਵੈਸੇ ਆਪ ਅੰਬਾਲਾ,ਸਿਰਸਾ ਅਤੇ ਕੁਰੂਕਸ਼ੇਤਰ ਤੋਂ ਚੋਣ ਲੜਨਾ ਚਾਹੁੰਦੀ ਹੈ । ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਹੁਰਾ ਪਰਿਵਾਰ ਵੀ ਹੈ । ਕੁਰੂਸ਼ੇਤਰ ਲੋਕਸਭਾ ਹਲਕੇ ਵਿੱਚ ਕੈਥਲ ਜ਼ਿਲ੍ਹਾਂ ਵੀ ਹੈ ਜਿੱਥੇ ਪੰਜਾਬੀਆਂ ਦੇ ਵੱਧ ਅਬਾਦੀ ਹੈ । ਅੰਬਾਲਾ ਅਤੇ ਸਿਰਸਾ ਨੂੰ ਵੀ ਪੰਜਾਬੀ ਬੈਲਟ ਕਿਹਾ ਜਾਂਦਾ ਹੈ । ਸਿਰਸਾ ਦੇ ਫਤਿਹਾਬਾਦ ਵਿੱਚ ਵੀ ਆਪ ਦਾ ਚੰਗਾ ਰਸੂਕ ਹੈ ।
ਦਿੱਲੀ ਦਾ ਫਾਰਮੂਲਾ
ਦਿੱਲੀ ਦੇ ਲਈ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੋਈ ਠੋਸ ਫਾਰਮੂਲਾ ਪੇਸ਼ ਨਹੀਂ ਕੀਤਾ ਹੈ,ਪਰ ਚਰਚਾ ਹੈ ਕਿ ਦਿੱਲੀ ਦੀਆਂ 7 ਲੋਕਸਭਾ ਸੀਟਾਂ ਦੇ ਲਈ ਆਮ ਆਦਮੀ ਪਾਰਟੀ 4 ‘ਤੇ ਲੜਨ ਦੀ ਇੱਛਾ ਜਤਾ ਸਕਦੀ ਹੈ । ਪਰ ਕਾਂਗਰਸ ਵੀ ਆਪਣਾ ਦਾਅਵਾ ਠੋਕੇਗੀ ਹਾਲਾਂਕਿ ਦਿੱਲੀ ਵਿਧਾਨਸਭਾ ਵਿੱਚ ਕਾਂਗਰਸ ਦਾ ਇੱਕ ਵੀ ਵਿਧਾਇਕ ਨਹੀਂ ਹੈ । ਪਰ 2014 ਅਤੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਨੇ ਜ਼ਿਆਦਾਤਰ ਸੀਟਾਂ ‘ਤੇ ਆਪ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਦਿੱਲੀ ਦੇ ਲੋਕ ਭਾਵੇ ਵਿਧਾਨਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਕਰਦੇ ਹਨ ਪਰ ਜਦੋਂ ਗੱਲ ਲੋਕਸਭਾ ਦੀ ਆਉਂਦੀ ਹੈ ਤਾਂ ਕਾਂਗਰਸ ਆਪ ਨੂੰ ਪਿੱਛੇ ਛੱਡ ਦਿੰਦੀ ਹੈ ।