ਬਿਊਰੋ ਰਿਪੋਰਟ (ਟੋਰਾਂਟੋ, 15 ਮਾਰਚ 2026): ਜੇਕਰ ਮਨ ਵਿੱਚ ਜਜ਼ਬਾ ਹੋਵੇ ਤਾਂ ਉਮਰ ਸਿਰਫ਼ ਇੱਕ ਅੰਕੜਾ ਬਣ ਕੇ ਰਹਿ ਜਾਂਦੀ ਹੈ। ਇਸ ਕਹਾਵਤ ਨੂੰ ਟੋਰਾਂਟੋ ਵਿੱਚ ਰਹਿਣ ਵਾਲੇ 102 ਸਾਲਾ ਬਜ਼ੁਰਗ ਐਥਲੀਟ ਅਤਰ ਸਿੰਘ ਸੇਖੋਂ ਨੇ ਸੱਚ ਕਰ ਦਿਖਾਇਆ ਹੈ। ਉਨ੍ਹਾਂ ਨੇ ‘ਕੈਨੇਡੀਅਨ ਇੰਡੋਰ ਮਾਸਟਰਜ਼ ਚੈਂਪੀਅਨਸ਼ਿਪ 2026’ ਵਿੱਚ ਆਪਣੀ ਸ਼ਾਨਦਾਰ ਖੇਡ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸੇਖੋਂ ਨੇ 100-104 ਉਮਰ ਵਰਗ ਵਿੱਚ ਹਿੱਸਾ ਲੈਂਦਿਆਂ ਇੱਕ-ਦੋ ਨਹੀਂ, ਸਗੋਂ ਚਾਰ ਈਵੈਂਟਸ ਵਿੱਚ ਜਿੱਤ ਹਾਸਲ ਕੀਤੀ ਹੈ।
ਅਤਰ ਸਿੰਘ ਸੇਖੋਂ ਨੇ ਸ਼ਨੀਵਾਰ ਨੂੰ 50 ਮੀਟਰ ਅਤੇ 200 ਮੀਟਰ ਦੀ ਦੌੜ ਜਿੱਤੀ। ਇਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੇ 60 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਕੁਝ ਹੀ ਦੇਰ ਬਾਅਦ ਸ਼ਾਟਪੁੱਟ (ਗੋਲ਼ਾ ਸੁੱਟਣ) ਵਿੱਚ ਵੀ ਸੋਨ ਤਗਮਾ ਜਿੱਤਿਆ। 102 ਸਾਲ ਦੀ ਉਮਰ ਵਿੱਚ 200 ਮੀਟਰ ਦਾ ਟਰੈਕ 3 ਮਿੰਟ 17 ਸਕਿੰਟ ਵਿੱਚ ਪੂਰਾ ਕਰਨਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਦਿਲਚਸਪ ਗੱਲ ਇਹ ਹੈ ਕਿ ਸੇਖੋਂ ਨੇ 94 ਸਾਲ ਦੀ ਉਮਰ ਵਿੱਚ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਅੱਖਾਂ ਦੀ ਰੌਸ਼ਨੀ ਬਹੁਤ ਘੱਟ ਹੋਣ ਅਤੇ ਸੁਣਨ ਵਿੱਚ ਦਿੱਕਤ ਹੋਣ ਦੇ ਬਾਵਜੂਦ, ਉਹ ਆਪਣੇ ਬੇਟੇ ਅਤੇ ਕੋਚ ਜੋਗਿੰਦਰ ਸਿੰਘ ਸੇਖੋਂ ਦੀ ਮਦਦ ਨਾਲ ਲਗਾਤਾਰ ਅਭਿਆਸ ਕਰਦੇ ਹਨ।
1924 ਵਿੱਚ ਭਾਰਤ ਵਿੱਚ ਜਨਮੇ ਅਤਰ ਸਿੰਘ 1988 ਵਿੱਚ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੇ ਬੇਟੇ ਅਨੁਸਾਰ, ਸੇਖੋਂ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦਾ ਸੁਨੇਹਾ ਸਾਫ਼ ਹੈ- “ਜੇਕਰ ਮੈਂ ਕਰ ਸਕਦਾ ਹਾਂ, ਤਾਂ ਤੁਸੀਂ ਵੀ ਕਰ ਸਕਦੇ ਹੋ।”

