ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਹੋਇਆ ਫੈਸਲਾ
‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਰਾਹਤ ਦੇਣ ਵਾਲਾ ਫੈਸਲਾ ਉਨ੍ਹਾਂ ਜੇਲ੍ਹ ਕੈਦੀਆਂ ਦੇ ਪਰਿਵਾਰਾਂ ਲਈ ਹੈ, ਜਿਨ੍ਹਾਂ ਨੂੰ ਸਰਕਾਰ ਨੇ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਨ੍ਹਾਂ ਕੈਦੀਆਂ ਨੇ ਆਪਣੀ 90 ਫੀਸਦੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਵਿੱਚੋ 100 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ 15 ਅਗਸਤ ਮੌਕੇ 50 ਫ਼ੀਸਦੀ ਤੋਂ ਵੱਧ ਸਜ਼ਾ ਪੂਰੀਆਂ ਕਰ ਚੁੱਕੀਆਂ ਔਰਤਾਂ ਅਤੇ ਹੈਂਡੀਕੈਪ ਕੈਦੀਆਂ ਨੂੰ ਵੀ ਛੱਡਿਆ ਜਾਵੇਗਾ।ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਵੀ ਅਹਿਮ ਐਲਾਨ ਕੀਤਾ ਹੈ।
1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ
ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਸਰਕਾਰ ਝੋਨੇ ਨੂੰ ਲੈ ਕੇ ਪਾਲਿਸੀ ਵੀ ਤਿਆਰ ਕਰ ਰਹੀ ਹੈ, ਜਿਸ ਵਿੱਚ ਝੋਨੇ ਨੂੰ ਕਿਵੇਂ ਮਿੱਲਾਂ ਅਤੇ ਸ਼ੈੱਲਰਾਂ ਤੱਕ ਲਿਜਾਇਆ ਜਾਵੇ, ਇਸ ‘ਤੇ ਪਾਲਿਸੀ ਤਿਆਰ ਹੋਵੇਗੀ। ਇਸ ਵਾਰ ਸਰਕਾਰ ਨੇ ਝੋਨੇ ਦੀ ਬਿਜਾਈ ਦੌਰਾਨ 2 ਵੱਡੇ ਫੈਸਲੇ ਕੀਤੇ ਸਨ। ਪਹਿਲਾ ਫੈਸਲਾ ਇਹ ਸੀ ਕਿ ਝੋਨੇ ਦੀ ਬਿਜਾਈ ਤੋਂ ਪਹਿਲਾ ਜਿਨ੍ਹਾਂ ਕਿਸਾਨਾਂ ਨੇ ਮੂੰਗ ਬੀਜੀ ਸੀ, ਉਨ੍ਹਾਂ ਦੀ ਫਸਲ ਪੰਜਾਬ ਸਰਕਾਰ ਨੇ MSP ‘ਤੇ ਖਰੀਦੀ ਸੀ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਪਾਣੀ ਬਚਾਉਣ ਦੇ ਲਈ ਝੋਨੇ ਦੀ ਲਵਾਈ ਵੇਲੇ ਸਿੱਧੀ ਫਸਲ ਬੀਜੀ, ਉਨ੍ਹਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਦਦ ਕੀਤੀ ਗਈ। ਭਾਰਤ ਸਰਕਾਰ ਨੇ 2022-23 ਦੇ ਲਈ ਝੋਨੇ ਦੀ MSP ਵਿੱਚ 100 ਰੁਪਏ ਦਾ ਵਾਧਾ ਕਰਕੇ 2,040 ਪ੍ਰਤੀ ਕੁਇੰਟਲ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ CCEA ਦੀ ਮੀਟਿੰਗ ਦੌਰਾਨ ਸਾਰੀਆਂ ਫਸਲਾਂ ਦੀ MSP ਤੈਅ ਕੀਤੀ ਗਈ ਸੀ।