‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਲ੍ਹੇ ‘ਚ ਭਵਾਨੀਗੜ੍ਹ ਦੇ 10 ਪਿੰਡਾਂ ਨੇ ਪੂਰੀ ਤਰ੍ਹਾਂ ਨਸ਼ਾਮੁਕਤੀ ਦਾ ਐਲਾਨ ਕਰ ਦਿੱਤਾ ਹੈ। ਲੋਕਾਂ ਨੇ ਐਂਟਰੀ ਪੁਆਇੰਟ ‘ਤੇ ਬੋਰਡ ਲਾ ਕੇ ਲਿਖ ਦਿੱਤਾ ਹੈ ਕਿ ਇੱਥੇ ਨਾ ਨਸ਼ਾ ਵੇਚਿਆ ਜਾਂਦਾ ਹੈ, ਨਾ ਨਸ਼ਾ ਖਰੀਦਿਆ ਜਾਂਦਾ ਹੈ। ਕੋਈ ਪਿੰਡਵਾਸੀ ਨਸ਼ਾ ਨਹੀਂ ਕਰਦਾ। ਭਵਾਨੀਗੜ੍ਹ ਦੇ 10 ਪਿੰਡਾਂ ਬਾਲਦ ਕੋਠੀ, ਦਿੱਤੂਪੁਰ, ਤੁਰੀ, ਮੱਟਰਾਂ, ਹਰਦਿੱਤਪੁਰਾ, ਸੰਜੂਮਾ, ਸਕਰੌਦੀ, ਘੁੰਮਣ ਸਿੰਘ ਵਾਲਾ, ਸੰਗਤਪੁਰਾ ਅਤੇ ਮਸਾਣੀ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਚੁੱਕੇ ਹਨ। ਪਿਛਲੇ ਕਈ ਸਾਲਾਂ ਤੋਂ ਇਹਨਾਂ ਪਿੰਡਾਂ ਵਿੱਚ ਕਿਸੇ ਵੀ ਪ੍ਰਕਾਰ ਦੇ ਨਸ਼ੇ ਸਬੰਧੀ ਕੋਈ ਪਰਚਾ ਦਰਜ਼ ਨਹੀਂ ਕੀਤਾ ਗਿਆ।
ਭਵਾਨੀਗੜ੍ਹ ਦੇ ਡੀਐੱਸਪੀ ਸੁਖਰਾਜ ਘੁੰਮਣ ਨੇ ਇਹਨਾਂ ਪਿੰਡਾਂ ਦੇ ਕ੍ਰਾਈਮ ਆਂਕੜਿਆਂ ਦੇ ਆਧਾਰ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਪਿੰਡ ਦੇ ਸਰਪੰਚਾਂ ਦੇ ਨਾਲ ਪਿੰਡ ਵਾਸੀਆਂ ਨੇ ਵੀ ਆਪਣਾ ਰੋਲ ਬਾਖ਼ੂਬੀ ਨਿਭਾਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਨੌਜਵਾਨ ਪੀੜੀ ਖੇਡਾਂ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੀ ਹੈ। ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਉਹਨਾਂ ਨੂੰ ਬਹੁਤ ਕਠਿਨਾਈਆਂ ਦਾ ਸਾਮਣਾ ਕਰਨਾ ਪਿਆ ਪਰ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਹੀ ਦਿੱਤਾ।