India

ਝਾਂਸੀ ਦੇ ਮੈਡੀਕਲ ਕਾਲਜ ‘ਚ 10 ਨਵਜੰਮੇ ਬੱਚੇ ਜ਼ਿੰਦਾ ਸੜੇ, ਨਿਊ ਬੌਰਨ ਕੇਅਰ ਯੂਨਿਟ ‘ਚ ਲੱਗੀ ਅੱਗ

ਝਾਂਸੀ : ਮਹਾਰਾਣੀ ਲਕਸ਼ਮੀਬਾਈ ਸਰਕਾਰੀ ਮੈਡੀਕਲ ਕਾਲਜ, ਝਾਂਸੀ ਵਿੱਚ ਸਪੈਸ਼ਲ ਨਿਊ ਬੌਰਨ ਕੇਅਰ ਯੂਨਿਟ (SNCU) ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 10 ਬੱਚਿਆਂ ਦੀ ਮੌਤ ਹੋ ਗਈ। ਵਾਰਡ ਦੀ ਖਿੜਕੀ ਤੋੜ ਕੇ 39 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਘਟਨਾ ਰਾਤ ਕਰੀਬ 10:30 ਵਜੇ ਦੀ ਹੈ। ਆਕਸੀਜਨ ਕੰਸੈਂਟਰੇਟਰ ‘ਚ ਸਪਾਰਕਿੰਗ ਕਾਰਨ ਅੱਗ ਲੱਗ ਗਈ, ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਅੱਗ ਪੂਰੇ ਵਾਰਡ ਵਿੱਚ ਫੈਲ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ ਅਤੇ 2 ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ।

ਇੱਥੇ ਹਾਦਸੇ ਤੋਂ ਬਾਅਦ ਸੀਐਮ ਯੋਗੀ ਨੇ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਕਮਿਸ਼ਨਰ ਅਤੇ ਡੀਆਈਜੀ ਨੂੰ 12 ਘੰਟਿਆਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸਵੇਰੇ 5 ਵਜੇ ਝਾਂਸੀ ਪਹੁੰਚੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਹਾਦਸੇ ਦੀ ਤਿੰਨ ਜਾਂਚ ਕੀਤੀ ਜਾਵੇਗੀ। ਪਹਿਲਾ- ਸਿਹਤ ਵਿਭਾਗ ਕਰੇਗਾ। ਦੂਜਾ- ਪੁਲਿਸ ਕਰੇਗੀ। ਤੀਜਾ- ਮੈਜਿਸਟ੍ਰੇਟ ਵੱਲੋਂ ਜਾਂਚ ਕਰਵਾਈ ਜਾਵੇਗੀ। ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ

ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੇ ਕਿਹਾ- ਅੱਗ ਲੱਗਣ ਤੋਂ ਬਾਅਦ ਵਾਰਡ ਬੁਆਏ ਨੇ ਫਾਇਰ ਫਾਈਟਿੰਗ ਸਿਲੰਡਰ ਖੋਲ੍ਹਿਆ, ਪਰ ਆਕਸੀਜਨ ਕਾਰਨ ਅੱਗ ਤੇਜ਼ੀ ਨਾਲ ਭੜਕ ਗਈ। ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਬੱਚਿਆਂ ਨੂੰ ਬਚਾਇਆ।