Lok Sabha Election 2024 Punjab

ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਹੋਈ ਜ਼ਮਾਨਤ ਜ਼ਬਤ, ਵੱਡੇ ਉਮੀਦਵਾਰ ਵੀ ਨਹੀਂ ਬਚਾ ਪਾਏ ਆਪਣੀ ਜ਼ਮਾਨਤ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਪਰ ਇਸ ਵਾਰ ਦੀ ਹੋਈ ਚੋਣ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਅਲੱਗ ਹੈ ਕਿਉਂਕਿ ਪਹਿਲੀ ਵਾਰ ਚੌ ਤਰਫਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਚੋਣਾਂ ਚ ਸੂਬੇ ਦੀ ਸੱਤਾ ਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਣੀ ਇੱਜਤ ਬਚਾਉਣ ਵਿੱਚ ਕਾਮਯਾਬ ਰਹੀ ਹੈ।

 ਇਸ ਵਾਰ ਨੂੰਹ ਮਾਸ ਦੇ ਰਿਸ਼ਤੇ ਨੂੰ ਤੋੜਦੀਆਂ ਹੋਇਆਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖੋਂ-ਵੱਖੋਂ ਚੋਣ ਲੜੀ ਗਈ ਹੈ। ਭਾਜਪਾ ਨੇ ਪਹਿਲੀ ਵਾਰ ਆਪਣੇ ਦਮ ’ਤੇ 13 ਦੀਆਂ 13 ਸੀਟਾਂ ’ਤੇ ਚੋਣ ਲੜਕੇ ਅਕਾਲੀ ਦਲ ਨੂੰ ਇਹ ਦਿਖਾ ਦਿੱਤਾ ਹੈ ਕਿ ਜੇਕਰ ਭਵਿੱਖ ਵਿੱਚ ਦੁਬਾਰਾ ਨੂੰਹ ਮਾਸ ਦਾ ਰਿਸਤਾ ਜੁੜਦਾ ਹੈ ਤਾਂ ਵੱਡੇ ਭਰਾ ਦੀ ਭੂਮਿਕਾ ਵਿੱਚ ਭਾਜਪਾ ਹੋਵੇਗੀ। ਕਿਉਂਕਿ ਭਾਜਪਾ ਭਾਵੇਂ ਪੰਜਾਬ ਵਿੱਚ ਕੋਈ ਵੀ ਸੀਟ ਨਹੀਂ ਜਿੱਤ ਸਕੀ ਹੈ ਪਰ ਭਾਜਪਾ ਨੇ ਆਪਣੇ ਦਮ ’ਤੇ ਚੋਣ ਲੜਕੇ ਆਪਣੇ ਵੋਟ ਬੈਂਕ ਵਿੱਚ ਭਾਰੀ ਵਾਧਾ ਕੀਤਾ ਹੈ।

ਇਸ ਚੋਣ ਵਿੱਚ ਅਕਾਲੀ ਦਲ ਨੂੰ ਅਜਿਹਾ ਝਟਕਾ ਲੱਗਾ ਹੈ ਕਿ ਅਕਾਲੀ ਦਲ ਦਾ ਹਾਲ ਹਰਿਆਣਾ ਦੀ ਇਨੈਲੋ ਵਰਗਾ ਹੁੰਦਾ ਹੋਇਆ ਜਾਪ ਰਿਹਾ ਹੈ। ਇਨੈਲੋ ਅਤੇ ਅਕਾਲੀ ਦਲ ਦੀ ਯਾਰੀ ਦੀ ਮਿਸਾਲ ਦੇਸ਼ ਵਿੱਚ ਦਿੱਤੀ ਜਾਂਦੀ ਹੈ। ਪਰ ਦੋਵਾਂ ਦਾ ਹਾਲ ਲੋਕ ਸਭਾ ਚੋਣਾ ’ਚ ਬੁਰਾ ਹੋਇਆ ਹੈ। ਅਕਾਲੀ ਦਲ ਭਾਵੇਂ ਇਕ ਸੀਟ ਜਿੱਤਣ ’ਚ ਕਾਮਯਾਬ ਜ਼ਰੂਰ ਰਿਹਾ ਪਰ ਉਹ ਆਪਣੇ 10 ਉਮੀਦਵਾਰਾਂ ਦੀ ਜ਼ਮਾਨਤ ਤੱਕ ਨਹੀਂ ਬਚਾ ਸਕਿਆ।

ਭਾਜਪਾ ਵੱਲੋਂ ਆਪਣੇ ਵੋਟ ਬੈਂਕ ਵਿੱਚ ਵਾਧਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਦੇ 5 ਉਮੀਦਵਾਰਾਂ ਦੀ ਹੀ ਜ਼ਮਾਨਤ ਜਬਤ ਹੋਈ ਹੈ ਜੋ ਅਕਾਲੀ ਦਲ ਨੂੰ ਦੱਸਣ ਵਿੱਚ ਕਾਫ਼ੀ ਹੈ ਕਿ ਜੇਕਰ ਦੁਬਾਰਾ ਗਠਜੋੜ ਹੋਇਆ ਹੈ ਤਾਂ ਵੱਡਾ ਭਰਾ ਕੌਣ ਹੋਵੇਗਾ।

ਦਾ ਖ਼ਾਲਸ ਟੀਵੀ ਦੀ ਇਸ ਰਿਪੋਰਟ ਵਿੱਚ ਅਸੀਂ ਤਹਾਨੂੰ ਦੱਸਾਂਗੇ ਕਿ ਅਕਾਲੀ ਦਲ ਦੇ ਕਿਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ।

ਖਡੂਰ ਸਾਹਿਬ

 

ਪੰਜਾਬ ਵਿੱਚ ਸਿੱਖਾਂ ਦੀ ਸਭ ਤੋਂ ਆਬਾਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਹੈ, ਜਿਸ ਕਰਕੇ ਇਸ ਨੂੰ ਪੰਥਕ ਸੀਟ ਦੇ ਨਾ ਨਾਲ ਜਾਣਿਆ ਜਾਂਦਾ ਹੈ। ਇੱਸ ਸੀਟ ਉੱਤੇ ਜਿਆਦਾ ਤਰ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ ਪਰ ਇਸ ਵਾਰੀ ਇੱਥੋਂ ਅਕਾਲੀ ਦਲ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾ ਸਕਿਆ ਹੈ। ਇਸ ਸੀਟ ਨੂੰ ਪਹਿਲਾਂ ਤਰਨ ਤਾਰਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2009 ਵਿੱਚ ਹੋਈ ਹਲਕਾ ਬੰਦੀ ਕਰਕੇ ਇਸ ਨੂੰ ਖਡੂਰ ਸਾਹਿਬ ਹਲਕਾ ਬਣਾ ਦਿੱਤਾ ਗਿਆ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਦਿੱਗਜ ਲੀਡਰ ਮੋਹਣ ਸਿੰਘ ਤੁੜ, ਪ੍ਰੇਮ ਸਿੰਘ ਲਾਲਪੁਰਾ, ਤਰਲੋਚਣ ਸਿੰਘ ਤੁੜ, ਰਣਜੀਤ ਸਿੰਘ ਬ੍ਰਹਮਪੁਰਾ ਵੱਡੇ ਫਰਕ ਨਾਲ ਚੋਣਾਂ ਜਿੱਤ ਦੇ ਰਹੇ ਹਨ ਪਰ ਹੁਣ ਅਕਾਲੀ ਆਪਣੀ ਜ਼ਮਾਨਤ ਬਚਾਉਣ ਨੂੰ ਵੀ ਤਰਸ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਸਿਰਫ 8.25% ਵੋਟਾਂ ਹੀ ਪ੍ਰਾਪਤ ਕੀਤੀਆਂ ਹਨ। ਅਕਾਲੀ ਦਲ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਪੰਥਕ ਸੀਟ ਤੋਂ ਕਿਉਂ ਪਿੱਛੇ ਰਿਹਾ ਹੈ।

 

ਗੁਰਦਾਸਪੁਰ 

ਅਕਾਲੀ ਭਾਜਪਾ ਦੇ ਨੂੰਹ ਮਾਸ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜੀ ਹੈ। ਇਹ ਸੀਟ ਪਹਿਲਾਂ ਭਾਜਪਾ ਦੇ ਖਾਤੇ ਵਿੱਚ ਹੁੰਦੀ ਸੀ ਪਰ 2024 ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਆਪਣੇ ਵੱਡੇ ਉਮੀਦਵਾਰ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਪਰ ਉਹ ਵੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਗੁਰਦਾਸਪੁਰ ਸੀਟ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਮਿਲਾ ਕੇ ਬਣਦੀ ਹੈ, ਜਿਸ ਵਿੱਚ ਹਿੰਦੂ ਆਬਾਦੀ ਵੱਡੀ ਗਿਣਤੀ ਵਿੱਚ ਹੈ। ਅਕਾਲੀ ਦਲ ਨੂੰ ਜ਼ਿਲ੍ਹੇ ਪਠਾਨਕੋਟ ਦੇ ਹਲਕਿਆਂ ਵਿੱਚ ਮਿਲੀ ਵੋਟ ਦੱਸਦੀ ਹੈ ਕਿ ਉਹ ਇਸ ਇਲਾਕੇ ਵਿੱਚ ਆਪਣਾ ਕੇਡਰ ਨਹੀਂ ਬਣਾ ਸਕਿਆ ਹੈ। ਭਾਵੇਂ ਕਿ ਅਕਾਲੀ ਖੁਦ ਨੂੰ ਖੇਤਰੀ ਪਾਰਟੀ ਮੰਨ ਦੇ ਹਨ ਪਰ ਹੁਣ ਤੱਕ ਉਨ੍ਹਾਂ ਦੇ ਪਠਾਨਕੋਟ ਜ਼ਿਲੇ ਵਿੱਚ ਪੈਰ ਨਹੀਂ ਲੱਗੇ ਹਨ। ਦਲਜੀਤ ਸਿੰਘ ਨੂੰ ਗੁਰਦਾਸਪੁਰ ਤੋਂ ਸਿਰਫ 7.93 ਵੋਟਾਂ ਹੀ ਹਾਸਲ ਹੋਇਆ ਹਨ।

 

ਸ਼੍ਰੀ ਅਨੰਦਪੁਰ ਸਾਹਿਬ

ਖ਼ਾਲਸੇ ਦੀ ਧਰਤੀ ਤੋਂ ਖੁਦ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਦਾ ਸੁਪੜਾ ਸਾਫ ਹੁੰਦਾ ਹੋਇਆ ਦਿਖ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਨੇ ਆਪਣੇ ਵੱਡੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਵੀ ਆਪਣੀ ਜ਼ਮਾਨਤ ਜਬਤ ਤੱਕ ਨਹੀਂ ਕਰਵਾ ਸਕੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕੇਵਲ 10.95 % ਵੋਟਾਂ ਹੀ ਮਿਲੀਆਂ ਹਨ। ਭਾਂਵੇ ਕਿ  ਪ੍ਰੇਮ ਸਿੰਘ ਚੰਦੂਮਾਜਰਾ ਇੱਥੋਂ 2014 ਵਿੱਚ ਜਿੱਤ ਚੁੱਕੇ ਹਨ ਪਰ ਇਸ ਵਾਰ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

 

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਲੀਡਰ ਰਹੇ ਗੁਰਚਰਨ ਸਿੰਘ ਟੌਹੜਾ ਦਾ ਸਬੰਧ ਵੀ ਪਟਿਆਲਾ ਨਾਲ ਹੀ ਸੀ। ਉਨ੍ਹਾਂ ਵੱਲੋਂ ਇਸ ਹਲਕੇ ਤੋਂ 1977 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹਰਾਇਆ ਸੀ। ਇਸ ਹਲਕੇ ਵਿੱਚ ਵੀ ਅਕਾਲੀ ਦਲ ਦੀ ਵੱਡੀ ਪਕੜ ਹੁੰਦੀ ਸੀ ਪਰ ਇੱਥੋਂ ਵੀ 2024 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਲਕੇ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਵੀ ਕੈਪਟਨ ਅਮਰਿੰਦਰ ਸਿੰਘ ਹਰਾ ਚੁੱਕੇ ਹਨ। ਪਰ ਹੁਣ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ। ਐਨ ਕੇ ਸ਼ਰਮਾ ਨੂੰ ਕੇਵਲ 13.37 % ਹੀ ਵੋਟਾਂ ਮਿਲੀਆਂ ਹਨ।

ਜਲੰਧਰ 

 

ਅਕਾਲੀ ਭਾਜਪਾ ਗਠਜੋੜ ਸਮੇਂ ਜਲੰਧਰ ਸੀਟ ਅਕਾਲੀ ਦਲ ਦੇ ਹਿੱਸੇ ਸੀ, ਜਿਸ ਕਰਕੇ 2019 ਵਿੱਚ ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੂੰ ਸਖਤ ਚੱਕਰ ਦਿੱਤੀ ਸੀ। ਪਰ ਹੁਣ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ। ਉਨ੍ਹਾਂ ਨੂੰ ਕੇਵਲ 6.87 % ਵੋਟਾਂ ਹੀ ਮਿਲੀਆਂ ਹਨ। 

 

ਸੰਗਰੂਰ 

 

ਸੰਗਰੂਰ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਕਿਹਾ ਜਾਂਦਾ ਸੀ ਪਰ ਹੁਣ ਅਕਾਲੀ ਦਲ ਇੱਥੋਂ ਵੀ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਅਕਾਲੀ ਦਲ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਇੱਥੋਂ ਜਿੱਤ ਵੀ ਹਾਸਲ ਕਰ ਚੁੱਕੇ ਹਨ ਪਰ ਹੁਣ ਸੰਗਰੂਰ ਅਕਾਲੀ ਦਲ ਲਈ ਬੀਤੇ ਜਮਾਨੇ ਦੀ ਗੱਲ ਬਣਦਾ ਦਿਖਾਈ ਦੇ ਰਿਹਾ ਹੈ। ਸੰਗਰੂਰ ਤੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਉਮੀਦਵਾਰ ਹਾਰ ਰਹੇ ਹਨ। ਇਸ ਵਾਰੀ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਸਿਰਫ 6.19% ਹਾਸਲ ਕਰ ਸਕੇ ਹਨ।

 

ਲੁਧਿਆਣਾ 

 

ਲੁਧਿਆਣਾ ਪੰਜਾਬ ਦੀ ਰਾਜਨੀਤੀ ਵਿੱਚ ਇਕ ਵੱਖਰੀ ਥਾਂ ਰੱਖਦਾ ਹੈ। 2022 ਦੀਆਂ ਚੋਣਾਂ ਵਿੱਚ ਲੁਧਿਆਣਾ ਦੀ ਇਕ ਸੀਟ ਦਾਖਾ ਨੇ ਹੀ ਪੂਰੇ ਮਾਲਵੇ ਵਿੱਚੋਂ ਅਕਾਲੀ ਦਲ ਦੀ ਇੱਜਤ ਬਚਾਈ ਸੀ ਪਰ ਹੁਣ ਅਕਾਲੀ ਦਲ ਲਈ ਮੁਸ਼ਕਲ ਬਣ ਗਿਆ ਹੈ। ਪਿਛਲਿਆ ਤਿੰਨ ਲੋਕ ਸਭਾ ਚੋਣਾਂ ਤੋਂ ਅਕਾਲੀ ਦਲ ਇਸ ਹਲਕੇ ਤੋਂ ਹਾਰ ਰਿਹਾ ਹੈ ਅਤੇ ਇਸ ਵਾਰ ਤਾਂ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕਿਆ ਹੈ। ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਸਿਰਫ 8.52% ਵੋਟਾਂ ਹੀ ਹਾਸਲ ਕੀਤੀਆਂ ਹਨ।

ਹੁਸ਼ਿਆਰਪੁਰ

 

ਅਕਾਲੀ ਭਾਜਪਾ ਗਠਜੋੜ ਸਮੇਂ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਹੁੰਦੀ ਸੀ ਅਤੇ ਗਠਜੋੜ ਇੱਥੋਂ ਜਿੱਤ ਵੀ ਹਾਸਲ ਕਰਦਾ ਰਿਹਾ ਹੈ। ਪਰ ਹੁਣ ਅਕਾਲੀ ਦਲ ਵੱਲੋਂ ਆਪਣੇ ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਵੀ ਪਾਰਟੀ ਦੀ ਝੋਲੀ ਵਿੱਚ ਜਿੱਤ ਨਹੀਂ ਪਾ ਸਕੇ ਹਨ। ਸੋਹਣ ਸਿੰਘ ਠੰਡਲ ਨੂੰ ਕੇਵਲ 9.68 % ਵੋਟਾਂ ਹੀ ਮਿਲੀਆਂ ਹਨ।

 

ਫਰੀਦਕੋਟ  

ਫਰੀਦਕੋਟ ਕਿਸੇ ਸਮੇਂ ਅਕਾਲੀ ਦਲ ਦੀ ਸੁਰੱਖਿਅਤ ਸੀਟਾਂ ਵਿੱਚੋਂ ਇਕ ਸੀ, ਜਿਸ ਕਰਕੇ ਸੁਖਬੀਰ ਸਿੰਘ ਬਾਦਲ ਇੱਥੋਂ ਸੰਸਦ ਮੈਂਬਰ ਬਣ ਕੇ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਪਰ ਹੁਣ ਅਕਾਲੀ ਦਲ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ ਹੈ। ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੂੰ ਕੇਵਲ 13.63 % ਵੋਟਾਂ ਹੀ ਮਿਲੀਆਂ ਹਨ।

 

ਫਤਿਹਗੜ੍ਹ ਸਾਹਿਬ

ਫਤਿਹਗੜ੍ਹ ਸਾਹਿਬ ਤੋਂ ਵੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਹਾਰ ਰਿਹਾ ਹੈ। ਇਸ ਵਾਰੀ ਤਾਂ ਅਕਾਲੀ ਦਲ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ। ਪਾਰਟੀ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਕੇਵਲ 13.01 % ਵੋਟਾਂ ਹੀ ਪ੍ਰਾਪਤ ਕਰ ਸਕਿਆ ਹੈ।

 

ਜ਼ਮਾਨਤ ਕੀ ਹੈ।

ਦਰਅਸਲ ਲੋਕ ਸਭਾ ਚੋਣਾਂ ਵਿਚ ਹਰ ਉਮੀਦਵਾਰ ਨੂੰ ਸੁਰੱਖਿਆ ਵਜੋਂ ਚੋਣ ਕਮਿਸ਼ਨ ਕੋਲ ਇਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਸ ਰਕਮ ਨੂੰ ‘ਸੁਰੱਖਿਆ ਡਿਪਾਜ਼ਿਟ’ ਜਾਂ ਸੁਰੱਖਿਆ ਡਿਪਾਜ਼ਿਟ ਕਿਹਾ ਜਾਂਦਾ ਹੈ। ਇਹ ਚੋਣ ਰੂਲਜ਼, 1961 ਵਿਚ ਦਿਤਾ ਗਿਆ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਉਮੀਦਵਾਰ ਨੂੰ ਚੋਣ ਕਮਿਸ਼ਨ ਕੋਲ ਇਕ ਤੈਅ ਕੀਤੀ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ, ਜੋ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਿਨ੍ਹਾਂ ਉਮੀਦਵਾਰ ਚੋਣ ਨਹੀਂ ਲੜ ਸਕਦਾ। ਜਮ੍ਹਾਂ ਕਰਵਾਈ ਇਸ ਰਕਮ ਨੂੰ ਸੁਰੱਖਿਆ ਡਿਪਾਜ਼ਿਟ ਕਿਹਾ ਜਾਂਦਾ ਹੈ।

ਜ਼ਮਾਨਤ ਜ਼ਬਤ ਹੋਣਾ ਕੀ ਹੈ

ਜੇਕਰ ਕਿਸੇ ਉਮੀਦਵਾਰ ਨੂੰ ਕੁੱਲ ਪਈਆ ਵੋਟਾਂ ਵਿੱਚੋਂ  1/6 ਭਾਵ 16.67 ਪ੍ਰਤੀਸ਼ਤ ਵੋਟਾਂ ਨਹੀਂ ਮਿਲਦੀਆਂ ਤਾਂ ਉਸ ਦੀ ਜ਼ਮਾਨਤ ਜ਼ਬਤ ਕਰ ਲਈ ਜਾਂਦੀ ਹੈ। ਜੇਕਰ ਕਿਸੇ ਉਮੀਦਵਾਰ ਨੂੰ 16.67 ਪ੍ਰਤੀਸ਼ਤ ਤੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਚੋਣ ਕਮਿਸ਼ਨ ਉਸ ਦੀ ਜ਼ਮਾਨਤ ਵਾਪਸ ਕਰ ਦਿੰਦਾ ਹੈ। 

 

ਕਿੰਨੀ ਜਮ੍ਹਾਂ ਕਰਵਾਉਣੀ ਪੈਂਦੀ ਹੈ ਜਮਾਨਤ ਰਾਸ਼ੀ

ਚੋਣ ਕਮਿਸ਼ਨ ਵੱਲੋਂ ਜਨਰਲ ਵਰਗ ਲਈ ਇਹ ਰਾਸ਼ੀ 25 ਹਜ਼ਾਰ ਰੁਪਏ ਅਤੇ ਐਸ.ਸੀ. ਉਮੀਦਵਾਰ ਲਈ 12,500 ਰੁਪਏ ਹੈ।