ਅੰਮ੍ਰਿਤਸਰ : ਸੇਵਾ ਦੇ ਪੁੰਜ ਪ੍ਰੋ. ਪੂਰਨ ਸਿੰਘ ਇੱਕ ਥਾਈਂ ਲਿਖਦੇ ਹਨ,-ਅੰਮਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ-ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਲੰਘਦਿਆਂ ਜੋ ਸ਼ਰੀਰ ਨੂੰ ਸੁੰਨ ਚੜ੍ਹਦਾ ਹੈ, ਇਹ ਉਸੇ ਦਾ ਇਸ਼ਾਰਾ ਹੈ। ਸਾਕਾ ਨੀਲਾ ਤਾਰਾ ਦੀ ਸ਼ੁਰੂਆਤ 1 ਜੂਨ ਨੂੰ ਬੱਝਦੀ ਹੈ ਤੇ 6 ਜੂਨ ਤੱਕ ਦੇ ਕਾਲੇ ਦਿਨ ਤੱਕ ਅੱਪੜਦਿਆਂ ਲਹੂ ਦੀਆਂ ਧਾਰਾਂ ਤੇ ਸ਼ਹੀਦ ਸਿੰਘਾਂ ਦੇ ਜਿਸਮਾਂ ਦੇ ਟੋਟੇ ਦਿੱਲੀ ਦਰਬਾਰ ਦੇ ਤਖਤ ਦੇ ਪਾਵਿਆਂ ਹੇਠ ਚਿਣੇ ਹੋਏ ਮਹਿਸੂਸ ਹੋ ਜਾਂਦੇ ਹਨ।
ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਭਾਰਤੀ ਫੌਜ ਦੇ ਹਮਲੇ ਨੂੰ ‘ਆਪਰੇਸ਼ਨ ਬਲੂ ਸਟਾਰ’, ਯਾਨਿ ਸਾਕਾ ਨੀਲਾ ਤਾਰਾ ਦਾ ਨਾਂ ਦਿੱਤਾ ਗਿਆ ਹੈ। ਪਰ ਸਿੱਖ ਇਹਨੂੰ ਤੀਸਰਾ ਘੱਲੂਘਾਰਾ ਕਹਿੰਦੇ ਹਨ। ਇਸੇ ਹਮਲੇ ਦਾ ਬਦਲਾ ਲੈਣ ਲਈ ਭਾਈ ਬੇਅੰਤ ਸਿੰਘ ਸਿੰਘ ਭਾਈ ਕੇਹਰ ਸਿੰਘ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ ਕੁਝ ਮਹੀਨਿਆਂ ਬਾਅਦ ਹੀ 31 ਅਕਤੂਬਰ, 1984 ਨੂੰ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਈ ਸਤਵੰਤ ਸਿੰਘ ਨੇ ਪੀਐਮ ਇੰਦਰਾ ਗਾਂਧੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹੀ ਦਿੱਲੀ ਸਿੱਖ ਕਤਲੇਆਮ ਦੇ ਖ਼ੂਨ ਨਾਲ ਰੰਗੀ ਗਈ। ਇੰਞ ਚੁਰਾਸੀ ਦੇ ਕਤਲੇਆਮ ਦਾ ਦੌਰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਨਾਲ ਸ਼ੁਰੂ ਹੋਇਆ ਸੀ।
ਜੂਨ 1984 ਦੀ 39ਵੀਂ ਬਰਸੀ 6 ਜੂਨ ਨੂੰ ਹਰ ਵਾਰ ਦੀ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾਵੇਗੀ। ਛੇ ਜੂਨ ਤੱਕ ਸਿੱਖ ਕੌਮ ਵੱਲੋਂ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਵੱਖ ਵੱਖ ਥਾਵਾਂ ਉੱਤੇ ਕਰਵਾਏ ਜਾਣਗੇ ਪਰ ਮੁੱਖ ਸਮਾਗਮ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ। ਉਸ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰਮਿਤ ਸਮਾਗਮ ਕਰਵਾਏ ਜਾਣਗੇ। ਵੱਖ ਵੱਖ ਪੰਥਕ ਸ਼ਖਸੀਅਤਾਂ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਨਗੀਆਂ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕਰਨਗੇ।
ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਪਹਿਲਾ ਦਿਨ ਹੈ, 1 ਜੂਨ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਪਹਿਲਾ ਦਿਨ ਸੀ। ਭਾਰਤੀ ਫੌਜ ਨੇ ਸਾਰੇ ਕੰਪਲੈਕਸ ਨੂੰ ਘੇਰ ਲਿਆ ਸੀ। ਚਸ਼ਮਦੀਦਾਂ ਮੁਤਾਬਕ ਫੌਜ ਦੀ ਗੋਲੀ ਦੁਪਹਿਰ 12.30 ਵਜੇ ਤੋਂ ਰਾਤ 8 ਵਜੇ ਤੱਕ ਲਗਾਤਾਰ ਕੰਪਲੈਕਸ ਦੇ ਅੰਦਰ ਚੱਲਦੀ ਰਹੀ। ਪਹਿਲੇ ਦਿਨ ਅੰਦਰੋਂ ਕੋਈ ਫਾਇਰਿੰਗ ਨਹੀਂ ਹੋਈ ਸੀ। ਇਸ ਗੋਲੀਬਾਰੀ ਵਿੱਚ ਪਹਿਲੇ ਸਿੰਘ ਦੀ ਸ਼ਹੀਦੀ ਹੋਈ ਸੀ ਜਿਨ੍ਹਾਂ ਦਾ ਨਾਮ ਭਾਈ ਮਹਿੰਗਾ ਸਿੰਘ ਬੱਬਰ ਸੀ। ਗੋਲਬਾਰੀ ਕਾਰਨ ਗੁਰਦੁਆਰਾ ਬਾਬਾ ਅਟਲ ਰਾਏ ‘ਤੇ ਮੋਰਚਾ ਲਾਈ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ। ਉਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀਤਾ ਗਿਆ ਸੀ। ਇਸ ਦਿਨ ਪੂਰੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਲੋਕਾਂ ਲਈ ਖੌਫ ਦੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਮੌਕੇ ਕਾਂਗਰਸ ਪਾਰਟੀ ਉੱਤੇ ਹਮਲਾਵਰ ਹੁੰਦਿਆਂ ਕਿਹਾ ਕਿ ਗਾਂਧੀ ਪਰਿਵਾਰ ਕਰਕੇ ਹੀ ਇਹ ਹਮਲਾ ਹੋਇਆ ਸੀ। ਇਸ ਮੌਕੇ ਗਰੇਵਾਲ ਨੇ ਰਾਹੁਲ ਗਾਂਧੀ ਵੱਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਬਾਰੇ ਕੀਤੀ ਗਈ ਟਿੱਪਣੀ ਦਾ ਵੀ ਜਵਾਬ ਦਿੱਤਾ।
SGPC ਵੱਲੋਂ ਅੱਜ ਤੀਜੇ ਘੱਲੂਘਾਰੇ ਦੇ ਪਹਿਲੇ ਦਿਨ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਿੱਤੀ ਗਈ।