India Punjab

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੇਲਵੇ ਨੈੱਟਵਰਕ ਲਈ ਵੱਡਾ ਐਲਾਨ

ਬਿਊਰੋ ਰਿਪੋਰਟ (ਚੰਡੀਗੜ੍ਹ, 11 ਫਰਵਰੀ 2026): ਕੇਂਦਰੀ ਰੇਲ ਮੰਤਰਾਲੇ ਨੇ ਪੰਜਾਬ ਵਿੱਚ ਰੇਲ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਰਾਜਪੁਰਾ ਬਾਈਪਾਸ ਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲਗਭਗ 411.96 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।

ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਲੰਬਾਈ ਅਤੇ ਲਾਗਤ: ਇਹ ਨਵੀਂ ਰੇਲ ਲਾਈਨ 13.46 ਕਿਲੋਮੀਟਰ ਲੰਬੀ ਹੋਵੇਗੀ, ਜਿਸ ’ਤੇ ਕਰੀਬ 412 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
  • ਟ੍ਰੈਫਿਕ ਤੋਂ ਰਾਹਤ: ਇਸ ਦਾ ਮੁੱਖ ਉਦੇਸ਼ ਅੰਬਾਲਾ-ਜਲੰਧਰ ਰੇਲ ਕੋਰੀਡੋਰ ’ਤੇ ਵਧ ਰਹੇ ਟ੍ਰੈਫਿਕ ਦਬਾਅ ਨੂੰ ਘੱਟ ਕਰਨਾ ਹੈ।
  • ਸਿੱਧਾ ਸੰਪਰਕ: ਇਹ ਲਾਈਨ ਰਾਜਪੁਰਾ ਸ਼ਹਿਰ ਨੂੰ ਬਾਈਪਾਸ ਕਰੇਗੀ ਅਤੇ ਸ਼ੰਭੂ ਵਿਖੇ ‘ਡੇਡੀਕੇਟਿਡ ਫਰੇਟ ਕੋਰੀਡੋਰ’ (DFC) ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗੀ।

ਯਾਤਰੀਆਂ ਅਤੇ ਵਪਾਰੀਆਂ ਨੂੰ ਹੋਵੇਗਾ ਫਾਇਦਾ

ਰਵਨੀਤ ਸਿੰਘ ਬਿੱਟੂ ਅਨੁਸਾਰ, ਰਾਜਪੁਰਾ ਰੇਲਵੇ ਯਾਰਡ ਇਸ ਵੇਲੇ ਆਪਣੀ ਸਮਰੱਥਾ ਤੋਂ ਵੱਧ ਕੰਮ ਕਰ ਰਿਹਾ ਹੈ, ਜਿਸ ਕਾਰਨ ਅਕਸਰ ਰੇਲ ਗੱਡੀਆਂ ਨੂੰ ਉੱਥੇ ਰੁਕਣਾ ਪੈਂਦਾ ਸੀ। ਇਸ ਬਾਈਪਾਸ ਦੇ ਬਣਨ ਨਾਲ ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ਰਾਜਪੁਰਾ ਯਾਰਡ ਵਿੱਚ ਫਸਣ ਦੀ ਬਜਾਏ ਸਿੱਧਾ ਨਿਕਲ ਸਕਣਗੀਆਂ। ਇਸ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਮਾਲ ਦੀ ਢੋਆ-ਢੁਆਈ ਵੀ ਤੇਜ਼ ਹੋਵੇਗੀ।

ਰੇਲ ਮੰਤਰਾਲੇ ਦਾ ਅਨੁਮਾਨ ਹੈ ਕਿ 2030-31 ਤੱਕ ਇਸ ਰੂਟ ’ਤੇ ਟ੍ਰੈਫਿਕ ਵਿੱਚ ਭਾਰੀ ਵਾਧਾ ਹੋਵੇਗਾ, ਜਿਸ ਨੂੰ ਮੁੱਖ ਰੱਖਦਿਆਂ ਇਹ ਅਗਾਊਂ ਤਿਆਰੀ ਕੀਤੀ ਗਈ ਹੈ।