Punjab

3 ਕਰੋੜ ਦੀ ਲਾਟਰੀ ਜਿੱਤਣ ਵਾਲਾ ‘ਕਰੋੜਪਤੀ’ ਲਾਪਤਾ! ਤੀਜੇ ਦਿਨ ਵੀ ਨਹੀਂ ਪਹੁੰਚਿਆ ਜੇਤੂ

ਫਿਲੌਰ (16 ਮਾਰਚ, 2026): ਪੰਜਾਬ ਸਟੇਟ ਲਾਟਰੀ ਵਿਭਾਗ ਦੇ ਨਤੀਜਿਆਂ ਨੇ ਇੱਕ ਆਮ ਇਨਸਾਨ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ 3 ਕਰੋੜ ਰੁਪਏ ਦਾ ਮਾਲਕ ਅਜੇ ਤੱਕ ਆਪਣਾ ਇਨਾਮ ਕਲੇਮ ਕਰਨ ਨਹੀਂ ਪਹੁੰਚਿਆ। ਇਹ ਖ਼ੁਸ਼ਕਿਸਮਤ ਟਿਕਟ ਲੁਧਿਆਣਾ ਦੀ ਇੱਕ ਮਸ਼ਹੂਰ ਲਾਟਰੀ ਏਜੰਸੀ ਦੇ ਜਲੰਧਰ ਸਥਿਤ ਫਿਲੌਰ ਕਾਊਂਟਰ ਤੋਂ ਵਿਕੀ ਸੀ।

ਪੰਜਾਬ ਸਟੇਟ ਲਾਟਰੀ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲਾ ਇਨਾਮ 3 ਕਰੋੜ ਰੁਪਏ ਦਾ ਨਿਕਲਿਆ ਹੈ, ਜਿਸ ਦਾ ਟਿਕਟ ਨੰਬਰ 791016 ਹੈ। ਇਸੇ ਏਜੰਸੀ ਰਾਹੀਂ 50 ਲੱਖ ਰੁਪਏ ਦਾ ਦੂਜਾ ਇਨਾਮ (ਟਿਕਟ ਨੰਬਰ B 862817) ਵੀ ਨਿਕਲਿਆ ਹੈ। ਏਜੰਸੀ ਦੇ ਸੰਚਾਲਕ ਸ਼ਾਮ ਸੁੰਦਰ ਭਨੋਟ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਖ-ਵੱਖ ਕਾਊਂਟਰਾਂ ਤੋਂ ਤਿੰਨ ਵੱਡੇ ਇਨਾਮ ਨਿਕਲੇ ਹਨ, ਜੋ ਕਿ ਇੱਕ ਵੱਡੀ ਉਪਲਬਧੀ ਹੈ।

ਜਿਵੇਂ ਹੀ ਇਹ ਖ਼ਬਰ ਫੈਲੀ ਕਿ 3 ਕਰੋੜ ਦੀ ਟਿਕਟ ਫਿਲੌਰ ਕਾਊਂਟਰ ਤੋਂ ਵਿਕੀ ਹੈ, ਇਲਾਕੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਏਜੰਸੀ ਦੇ ਦਫ਼ਤਰ ਵਿੱਚ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ, ਪਰ ਹਰ ਕੋਈ ਉਸ ‘ਮਿਸਟਰੀ ਵਿਨਰ’ ਬਾਰੇ ਜਾਣਨਾ ਚਾਹੁੰਦਾ ਹੈ ਜਿਸ ਨੇ ਅਜੇ ਤੱਕ ਸੰਪਰਕ ਨਹੀਂ ਕੀਤਾ। 

ਵਿਭਾਗ ਅਨੁਸਾਰ ਜੇਤੂ ਨੂੰ ਆਪਣੀ ਅਸਲ ਟਿਕਟ, ਪੈਨ ਕਾਰਡ ਅਤੇ ਆਧਾਰ ਕਾਰਡ ਸਮੇਤ ਤੈਅ ਸਮੇਂ ਅੰਦਰ ਕਲੇਮ ਫਾਈਲ ਕਰਨਾ ਹੋਵੇਗਾ। ਟੈਕਸ ਕਟੌਤੀ ਤੋਂ ਬਾਅਦ ਇਨਾਮੀ ਰਾਸ਼ੀ ਜੇਤੂ ਦੇ ਖਾਤੇ ਵਿੱਚ ਭੇਜੀ ਜਾਵੇਗੀ।