ਜਗਜੀਵਨ ਮੀਤ
ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਤੋਂ ਬਾਅਦ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਤੋਂ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੁਲਜਮ ਨੇ ਗੁਰਦੁਆਰਾ ਸਾਹਿਬ ‘ਚ ਨਿਸ਼ਾਨ ਸਾਹਿਬ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਲਗਾਤਾਰ ਵਾਪਰ ਰਿਹਾ ਹੈ ਕਿ ਪੰਜਾਬ ਵਿੱਚ ਇਹੋ ਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਨਾਲ ਕੀ ਪੈ ਰਿਹਾ ਹੈ ਪੰਜਾਬ ਦੇ ਮਾਹੌਲ ਉੱਤੇ ਅਸਰ, ਪੜ੍ਹੋ ਇਹ ਖਾਸ ਰਿਪੋਰਟ।
ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਰਹਿਰਾਸ ਵੇਲੇ ਰੇਲਿੰਗ ਪਾਰ ਕਰਕੇ ਸ਼੍ਰੀ ਗੁਰੂਗ੍ਰੰਥ ਸਾਹਿਬ ਵੱਲ ਵਧਣ ਦੀ ਕੋਸ਼ਿਸ਼ ਦੀ ਅੱਗ ਹਾਲੇ ਠੰਡੀ ਨਹੀਂ ਹੋਈ ਸੀ ਕਿ ਇਕ ਹੋਰ ਕੋਸ਼ਿਸ਼ ਕਪੂਰਥਲਾ ਵਿੱਚ ਵੀ ਵਾਪਰ ਗਈ ਹੈ। ਇਹ ਘਟਨਾ ਕੋਈ 5 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਲੋਕਾਂ ਨੇ ਦਾਅਵਾ ਕੀਤਾ ਹੈ ਕਿ ਫੜ੍ਹੇ ਗਏ ਨੌਜਵਾਨ ਨੇ ਇਹ ਗੱਲ ਮੂੰਹੋਂ ਕਬੂਲੀ ਹੈ ਕਿ ਉਹ ਬੇਅਦਬੀ ਕਰਨ ਦੀ ਮੰਸ਼ਾਂ ਨਾਲ ਆਇਆ ਸੀ। ਹਾਲਾਂਕਿ ਮੌਕੇ ਉੱਤੇ ਫੜ੍ਹੇ ਗਏ ਇਸ ਮੁਲਜਮ ਨਾਲ ਵੀ ਉਹੀ ਸਲੂਕ ਕੀਤਾ ਗਿਆ, ਜੋ ਕੱਲ੍ਹ ਦਰਬਾਰ ਸਾਹਿਬ ਵਿਖੇ ਮੁਲਜਮ ਵਿਅਕਤੀ ਨਾਲ ਕੀਤਾ ਸੀ। ਕੁੱਟਮਾਰ ਦੌਰਾਨ ਇਸਦੀ ਵੀ ਮੌਤ ਹੋ ਗਈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਕ ਤੋਂ ਬਾਅਦ ਇਕ ਵਾਪਰੀ ਇਸ ਘਟਨਾ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਦਿਲ ਵਲੂੰਧਰ ਕੇ ਰੱਖ ਦਿੱਤੇ ਹਨ। ਸਿੰਘੂ ਬਾਰਡਰ ਉੱਤੇ ਨਿਹੰਗ ਸਿੰਘਾਂ ਹੱਥੋਂ ਕਤਲ ਹੋਏ ਵਿਅਕਤੀ ਨੇ ਵੀ ਬੜੇ ਸੋਚੇ ਸਮਝੇ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤੰਬਰ ਮਹੀਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਤੜਕੇ ਸਵੇਰੇ 4 ਵਜੇ ਮਹਾਰਾਜ ਦਾ ਪ੍ਰਕਾਸ਼ ਕਰਨ ਮੌਕੇ ਇੱਕ ਸਿਰਫਿਰੇ ਨੇ ਬੀੜੀਆਂ ਪੀ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਇਸ ਤੋਂ ਬਾਅਦ ਇਹ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦਾ ਹਿੱਸਾ ਹੈ ਕਿ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਗੁੱਝੀ ਕੋਸ਼ਿਸ਼ ਹੋਈ।
ਥੋੜ੍ਹਾ ਪਿੱਛੇ ਝਾਤ ਮਾਰੀਏ ਤਾਂ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਅਕਾਲੀ ਦਲ ਤੇ ਕਾਂਗਰਸ ਸਰਕਾਰ ਲੋਕਾਂ ਦੇ ਨਿਸ਼ਾਨੇ ਉੱਤੇ ਰਹੀਆਂ ਹਨ। ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਦਾ ਦਾਅਵਾ ਠੋਕ ਕੇ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਸਰਕਾਰ ਆਪਣੀ ਸੱਤਾ ਦੇ ਅਖੀਰਲੇ ਦਿਨ ਗਿਣ ਰਹੀਹੈ ਪਰ ਹਾਲੇ ਤੱਕ ਇਨ੍ਹਾਂ ਮਾਮਲਿਆਂ ਵਿੱਚ ਸਿੱਖ ਸੰਗਤ ਨੂੰ ਕਿਸੇ ਨਿਆਂ ਦੀ ਕਿਰਨ ਫੁੱਟਦੀ ਨਹੀਂ ਦਿਸ ਰਹੀ। ਹਾਂ ਇਹ ਜਰੂਰ ਹੈ ਕਿ ਅਕਾਲੀ ਦਲ ਤੇ ਕਾਂਗਰਸ ਤੋਂ ਬਾਅਦ ਹੁਣ ਪੰਜਾਬ ਵਿਚ ਤੀਜਾ ਬਦਲ ਬਣਨ ਦੀ ਕੋਸ਼ਿਸ਼ ਵਿਚ ਪੈਰ ਪਸਾਰ ਰਹੀ ਆਮ ਆਦਮੀ ਪਾਰਟੀ ਨੇ ਵੀ ਨਿਆਂ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ।
ਸਾਕਾ ਨੀਲਾ ਤਾਰਾਂ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਇਸ ਸ਼ਰਮਨਾਕ ਤੇ ਦੁਖਦਾਈ ਘਟਨਾ ਨੇ ਇਕ ਵਾਰ ਫਿਰ ਤੋਂ ਐਸਜੀਪੀਸੀ ਤੇ ਹੋਰ ਏਜੰਸੀਆਂ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿਖੇਧੀ ਕਰਨ ਦੇ ਨਾਲ ਨਾਲ ਇਸ ਘਟਨਾ ਪਿੱਛੇ ਕੋਈ ਡੂੰਘੀ ਸਾਜਿਸ਼ ਹੋਣ ਦਾ ਖਦਸ਼ਾ ਜਾਹਿਰ ਕੀਤਾ ਹੈ। ਸ਼ਿਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਮਾਮਲੇ ਨਾ ਰੁਕੇ ਤਾਂ ਫਿਰ ਅਸੀਂ ਫੈਸਲਾ ਲਵਾਂਗੇ ਤੇ ਅਸੀਂ ਬਦਲਾ ਲੈਣਾ ਜਾਣਦੇ ਹਾਂ।
ਕਾਰਣ ਕੋਈ ਵੀ ਹੋਵੇ, ਪੰਜਾਬ ਦਾ ਇਹ ਵਿਗੜਦਾ ਮਾਹੌਲ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ, ਇਸ ਤੋਂ ਇਨਕਾਰ ਨਹੀਂ ਕਰ ਸਕਦੇ, ਨਹੀਂ ਤਾਂ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਦਰਬਾਰ ਸਾਹਿਬ ਦੇ ਐਨ ਵਿਚਕਾਰ ਆ ਕੇ ਇਹੋ ਜਿਹਾ ਕਾਰਾ ਕਰ ਜਾਵੇ। ਇਸ ਤੋਂ ਪਹਿਲਾਂ ਜਰੂਰ ਸਾਜਿਸ਼ ਗਿਣੀ-ਮਿੱਥੀ ਤੇ ਘੜ੍ਹੀ ਗਈ ਹੋ ਸਕਦੀ ਹੈ। ਵੋਟਾਂ ਸਿਰ ਤੇ ਹਨ, ਕਿਸਾਨ ਕੇਂਦਰ ਨਾਲੋਂ ਜੰਗ ਜਿੱਤ ਕੇ ਮੁੜੇ ਹਨ ਤੇ ਪੰਜਾਬ ਦਾ ਇਹ ਮਾਹੌਲ ਵਿਗਾੜਨ ਵਾਲੇ ਕਿਸ ਖੂੰਜੇ ਬੈਠੇ ਸਰਗਰਮ ਹਨ, ਇਸ ਲਈ ਸਰਕਾਰ ਨੂੰ ਹੁਣ ਵੇਲੇ ਸਿਰ ਅੱਖਾਂ ਖੋਲ੍ਹ ਕੇ ਵੇਖ ਲੈਣਾ ਚਾਹੀਦਾ ਹੈ।