‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਹਜ਼ੂਰ ਸਾਹਿਬ ਵਿੱਚ ਫ਼ਸੀ ਹੋਈ ਪੰਜਾਬ ਦੀ ਸੰਗਤ ਨੂੰ ਵਾਪਿਸ ਪੰਜਾਬ ਭੇਜਣ ਦੀ ਪ੍ਰਵਾਨਗੀ ਦੀ ਅਪੀਲ ਮਨਜ਼ੂਰ ਕਰ ਲਈ ਹੈ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਕਰੇਗੀ,ਟਰਾਂਸਪੋਰਟ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਕਰੇਗੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਸੰਬੰਧੀ ਮੁਲਾਕਾਤ ਕੀਤੀ ਸੀ ਅਤੇ ਇਸ ਮੁਲਾਕਾਤ ਦੇ ਸਦਕਾ ਹੀ ਕੇਂਦਰ ਨੇ ਹਜ਼ੂਰ ਸਾਹਿਬ ਵਿੱਚ ਫ਼ਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਿਸ ਪੰਜਾਬ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਕੱਲ੍ਹ ‘ਦ ਖ਼ਾਲਸ ਟੀਵੀ ਨੇ ਵੀ 9:00 ਵਜੇ ਦੇ ਕਰੀਬ ਪੂਰੀ ਭਰੋਸੇਯੋਗਤਾ ਨਾਲ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਵਾਲੀ ਖ਼ਬਰ ਚਲਾਈ ਸੀ, ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ 9:30 ਵਜੇ ਦੇ ਕਰੀਬ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਦੀ ਜਾਣਕਾਰੀ ਦਿੰਦਿਆਂ ਸਾਡੀ ਖ਼ਬਰ ‘ਤੇ ਮੋਹਰ ਲਾਈ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਟਵੀਟ ਕਰਕੇ ਨਾਂਦੇੜ ‘ਚ ਫ਼ਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਘਰ ਵਾਪਿਸ ਆਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
ਕੱਲ੍ਹ ਅਸੀਂ ਇਹ ਖ਼ਬਰ ਚਲਾਈ ਸੀ:-
ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿੱਚ ਪੰਜਾਬ ਦੀ ਫ਼ਸੀ ਹੋਈ ਸੰਗਤ ਨੂੰ ਮਹਾਰਾਸ਼ਟਰ ਸਰਕਾਰ ਨੇ ਅਜੇ ਤੱਕ ਵਾਪਿਸ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਕੇਂਦਰ ਸਰਕਾਰ ਕੋਲੋਂ ਪੰਜਾਬ ਦੀ ਸੰਗਤ ਨੂੰ ਪੰਜਾਬ ਵਾਪਿਸ ਜਾਣ ਦੀ ਪ੍ਰਵਾਨਗੀ ਦੇਣ ਲਈ ਵੱਖਰੇ ਤੌਰ ‘ਤੇ ਚਿੱਠੀ ਚਾਹੁੰਦੀ ਹੈ,ਹਾਲਾਂਕਿ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨੂੰ ਮਹਾਰਾਸ਼ਟਰ ਵਿੱਚ ਫਸੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵਾਪਿਸ ਜਾਣ ਦੀ ਪ੍ਰਵਾਨਗੀ ਦੇ ਲਈ ਪਹਿਲਾਂ ਹੀ ਇੱਕ ਚਿੱਠੀ ਭੇਜੀ ਹੋਈ ਹੈ। ਮਿਨਹਾਸ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਅਜੇ ਪ੍ਰਵਾਨਗੀ ਨਹੀਂ ਦੇ ਸਕਦੀ ਕਿਉਂਕਿ ਸਿਰਫ਼ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਦੇ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਿਉਂਕਿ ਸੰਗਤ ਰੂਟ ਮੁਤਾਬਕ ਮਹਾਰਾਸ਼ਟਰ ਤੋਂ ਮੱਧ-ਪ੍ਰਦੇਸ਼ ਤੇ ਰਾਜਸਥਾਨ ਰਾਹੀਂ ਪੰਜਾਬ ਪਹੁੰਚੇਗੀ,ਪਰ ਜੇ ਕੇਂਦਰ ਸਰਕਾਰ ਦੀ ਆਗਿਆ ਹੋਵੇਗੀ ਤਾਂ ਸੰਗਤ ਨੂੰ ਕਿਤੇ ਵੀ ਨਹੀਂ ਰੋਕਿਆ ਜਾਵੇਗਾ।
ਪੰਜਾਬ ਦੀ ਸੰਗਤ ਨੂੰ ਵਾਪਿਸ ਆਉਣ ਦੀ ਪ੍ਰਵਾਨਗੀ ਦਿਵਾਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਸ਼ਿਸ਼ ਕਰ ਰਹੇ ਹਨ।
ਭੁਪਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਲਾਕਡਾਊਨ ਹੋਣ ਤੋਂ ਦੋ-ਤਿੰਨ ਦਿਨ ਬਾਅਦ ਹੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ ਰਾਜਸਥਾਨ ਤੇ ਮੱਧ-ਪ੍ਰਦੇਸ਼ ਦੀਆਂ ਸਰਕਾਰਾਂ ਨਾਲ 4000 ਦੇ ਕਰੀਬ ਫਸੀ ਪੰਜਾਬ ਦੀ ਸੰਗਤ ਨੂੰ ਪੰਜਾਬ ਵਾਪਿਸ ਭੇਜਣ ਸੰਬੰਧੀ ਗੱਲਬਾਤ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ।
ਇਸ ਸਮੇਂ ਕੋਰੋਨਾਵਾਇਰਸ ਵਰਗੀ ਲਾਇਲਾਜ਼ ਬਿਮਾਰੀ ਵਿੱਚ ਹਜ਼ੂਰ ਸਾਹਿਬ ਵਿੱਚ ਇੰਨੀ ਗਿਣਤੀ ਵਿੱਚ ਫ਼ਸੀ ਸੰਗਤ ਇਕੱਠੀ ਹੋ ਕੇ ਬੈਠੀ ਹੈ ਜਿੱਥੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਵੱਲੋਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਲਈ ਗੁਰਦੁਆਰਾ ਪ੍ਰਬੰਧ ਵੱਲੋਂ ਨਿਵਾਸ, ਦਵਾਈਆਂ,ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।