ਬਿਉਰੋ ਰਿਪੋਰਟ –– ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ‘ਤੇ ਪਰਿਵਾਰ ਨੂੰ ਧਮਕੀ ਦੇਣ ਅਤੇ ਕਿਰਦਾਰਕੁਸ਼ੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਉਸ ਤੋਂ ਬਾਅਦ ਹੁਣ ਵਲਟੋਹਾ ਦਾ ਮੁੜ ਤੋਂ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਦੋ ਰੂਪ ਵੇਖੇ ਹਨ ਜਿਸ ਤੋਂ ਉਨ੍ਹਾਂ ਦਾ ਝੂਠ ਬੇਨਕਾਬ ਹੁੰਦਾ ਹੈ । ਬੀਤੇ ਦਿਨ ਉਹ ਮੇਰੇ ‘ਤੇ ਸਵਾਲਾਂ ਦੀ ਬੁਛਾੜ ਕਰ ਰਹੇ ਸਨ ਅੱਜ ਉਨ੍ਹਾਂ ਦੀ ਟੋਨ ਬਦਲੀ ਹੋਈ ਹੈ ।
ਵਲਟੋਹਾ ਨੇ ਕਿਹਾ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ ਜੇਕਰ ਕੋਈ ਸਬੂਤ ਹਨ ਤਾਂ ਪੇਸ਼ ਕਰਨ । ਮੈਂ ਸਿਰਫ਼ ਆਪਣਾ ਸਟੈਂਡ ਸਪਸ਼ਟ ਕੀਤਾ ਹੈ । ਅੱਜ ਗਿਆਨੀ ਹਰਪ੍ਰੀਤ ਸਿੰਘ ਆਪਣੀ ਸੁਰੱਖਿਆ ਵਾਪਸ ਕਰਨ ਦਾ ਗੱਲ ਕਰਦੇ ਹਨ ਜਦਕਿ ਜਦੋਂ ਉਨ੍ਹਾਂ ਨੂੰ ਕੇਂਦਰ ਦੀ ਸੁਰੱਖਿਆ ਮਿਲੀ ਤਾਂ ਮੈਂ ਉਸ ਵੇਲੇ ਵੀ ਵਾਪਸ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਿੱਖ ਸੁਰੱਖਿਆ ਗਾਰਡ ਮਿਲਣਗੇ ਜਦਕਿ ਤਬਾਕੂ ਖਾਣ ਵਾਲੇ CISF ਦੇ ਮੁਲਾਜ਼ਮ ਉਨ੍ਹਾਂ ਦੇ ਨਾਲ ਹਨ । ਉਧਰ ਗਿਆਨ ਹਰਪ੍ਰੀਤ ਸਿੰਘ ਦੇ ਅਸਤੀਫ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਬੀਬੀ ਜਗੀਰ ਕੌਰ ਨੇ ਕਿਹਾ ਮੈਂ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਭਾਵੁਕ ਸਨ । ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਉਹ ਅਸਤੀਫ਼ਾ ਵਾਪਸ ਲੈਣ,ਕੌਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ,ਮੁਸ਼ਕਿਲ ਵੇਲੇ ਉਨ੍ਹਾਂ ਨੂੰ ਡਟ ਕੇ ਖੜਾ ਹੋਣਾ ਚਾਹੀਦਾ ਹੈ,ਸਾਰੀ ਕੌਮ ਉਨ੍ਹਾਂ ਦੇ ਨਾਲ ਖੜੀ ਹੈ । ਸਾਬਕਾ ਐੱਸਜੀਪੀਸੀ ਪ੍ਰਧਾਨ ਨੇ ਕਿਹਾ ਮੈਂ ਨੂੰ ਡਰ ਹੈ ਕਿ ਹੋਰ ਜਥੇਦਾਰ ਵੀ ਕਿਧਰੇ ਗਿਆਨੀ ਹਰਪ੍ਰੀਤ ਸਿੰਘ ਵਾਂਗ ਅਸਤੀਫਾ ਨਾ ਦੇਣ,ਇਸ ਮੁਸ਼ਕਿਲ ਖੜੀ ਉਨ੍ਹਾਂ ਦੀ ਸਭ ਨੂੰ ਜ਼ਰੂਰਤ ਹੈ । ਬੀਬੀ ਜਗੀਰ ਕੌਰ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ਨੂੰ ਲੈਕੇ ਵੀ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਵੀ ਵਲਟੋਹਾ ਦੇ ਨਾਲ ਖੜੇ ਹਨ ।
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗਿਆਨੀ ਕੇਵਲ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਜੇਕਰ SGPC ਪ੍ਰਧਾਨ ਪਹਿਲਾਂ ਹੀ ਜਥੇਦਾਰ ਸਾਹਿਬਾਨਾਂ ‘ਤੇ ਵਲਟੋਹਾ ਵੱਲੋਂ ਕੀਤੀ ਜਾਣ ਵਾਲੀ ਬਿਆਨਬਾਜ਼ੀ ‘ਤੇ ਸਖਤੀ ਵਿਖਾਉਂਦੇ ਤਾਂ ਨੌਬਤ ਨਹੀਂ ਆਉਂਦੀ । ਪੰਜ ਸਿੰਘ ਸਾਹਿਬਾਨਾਂ ਨੇ ਇਕੱਠੇ ਬੈਠ ਕੇ ਫੈਸਲਾ ਸੁਣਾਇਆ ਹੈ । ਗਿਆਨੀ ਕੇਵਲ ਸਿੰਘ ਨੇ ਕਿਹਾ ਵਲਟੋਹਾ ਜਿਹੜਾ ਇਲਜ਼ਾਮ ਲੱਗਾ ਰਹੇ ਹਨ ਕਿ ਸਿਰਫ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਸਵਾਲ ਪੁੱਛੇ ਹਨ ਉਸ ਵਿੱਚ ਕੋਈ ਦਮ ਨਹੀਂ ਹੈ । ਜਦੋਂ ਸੁਪਰੀਮ ਕੋਰਟ ਵਿੱਚ 5 ਜੱਜ ਕਿਸੇ ਮਾਮਲੇ ਦੀ ਸੁਣਵਾਈ ਕਰਦੇ ਹਨ ਕੁਝ ਜੱਜ ਚੁੱਪ ਬੈਠੇ ਹੁੰਦੇ ਹਨ ਜਦਕਿ ਕੁਝ ਸਵਾਲ ਪੁੱਛ ਦੇ ਹਨ, ਇਹ ਵਿਸ਼ੇ ‘ਤੇ ਅਦਾਰਤ ਹੁੰਦਾ ਹੈ,ਪਰ ਫੈਸਲਾ ਸਾਰਿਆਂ ਦੀ ਰਾਇ ਮੁਤਾਬਿਕ ਹੁੰਦਾ ਹੈ ।
ਉਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗਿਆਨ ਹਰਪ੍ਰੀਤ ਸਿੰਘ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਸਾਰੀ ਕੌਮ ਉਨ੍ਹਾਂ ਦੇ ਨਾਲ ਖੜੀ ਹੈ । ਮੈਂ ਉਨ੍ਹਾਂ ਨਾਲ ਅਤੇ ਹੋਰ ਸਿੰਘ ਸਾਹਿਬਾਨਾਂ ਨਾਲ ਗੱਲ ਕਰਾਂਗਾ । ਜਿਸ ਤਰ੍ਹਾਂ ਬੀਤੇ ਦਿਨ ਪੰਜ ਸਿੰਘ ਸਾਹਿਬਾਨਾਂ ਨੇ ਫੈਸਲਾ ਸੁਣਾਇਆ ਹੈ ਉਸ ਨਾਲ ਕਿਧਰੇ ਨਾ ਕਿਧਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ‘ਤੇ ਸਿੱਖ ਸੰਗਤ ਦਾ ਵਿਸ਼ਵਾਸ਼ ਜਾਗਿਆ ਹੈ । ਕਾਲਕਾ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਨਾ ਕਰਨ ।