‘ਦ ਖ਼ਾਲਸ ਬਿਊਰੋ:- ਨਿਸ਼ਾਨ ਸਾਹਿਬ ਜਿਉਂਦੀਆਂ-ਜਾਗਦੀਆਂ ਕੌਮਾਂ ਦੀ ਸੁਤੰਤਰਤਾ ਦੇ ਪ੍ਰਤੀਕ ਹਨ। ਜੋ ਕੌਮਾਂ ਆਪਣੇ ਵਜੂਦ ਤੋਂ ਹੀ ਮਰ-ਮੁੱਕ ਚੁੱਕੀਆਂ ਹੋਣ, ਉਹਨਾਂ ਦੇ ਨਿਸ਼ਾਨ ਕਦੇ ਖੜੇ ਨਹੀਂ ਹੁੰਦੇ। ਨਿਸ਼ਾਨ ਹਮੇਸ਼ਾਂ ਉਹਨਾਂ ਦੇ ਹੀ ਉੱਚੇ ਝੂਲਦੇ ਹਨ, ਜੋ ਸੂਰਬੀਰ,ਬਹਾਦਰ ਆਪਣੇ ਬਲ ਦੁਆਰਾ ਸਦਾ ਜੰਗ ਵਿੱਚ ਜੂਝ ਕੇ ਆਪਣੇ ਨਿਸ਼ਾਨ ਨੂੰ ਉੱਚਾ ਚੁੱਕਣਾ ਜਾਣਦੇ ਹਨ। ਸਾਡੇ ਕੇਸਰੀ ਨਿਸ਼ਾਨ ਨੂੰ ਸਤਿਗੁਰੂ ਨੇ ਆਪਣੀ, ਆਪਣੇ ਸਾਹਿਬਜ਼ਾਦਿਆਂ ਦੀ ਅਤੇ ਹਜ਼ਾਰਾਂ ਸੂਰਬੀਰ ਯੋਧਿਆਂ ਸਿੰਘਾਂ ਦੀ ਸ਼ਹਾਦਤ ਨਾਲ ਉੱਚਾ ਝੁਲਾਇਆ ਹੈ।
ਨਿਸ਼ਾਨ ਸਾਹਿਬ ਜੀ ਦੀ ਵਿਸ਼ੇਸ਼ਤਾ ਕੀ ਹੈ ?
- ਧਰਤੀ ਤੋਂ ਉੱਚਾ ਨਿਸ਼ਾਨ ਸਾਹਿਬ ਦਾ ਥੜ੍ਹਾ ਦੱਸਦਾ ਹੈ ਕਿ :
ਜਬ ਲਗ ਖਾਲਸਾ ਰਹੇ ਨਿਆਰਾ।।
ਤਬ ਲਗ ਤੇਜ ਦੀਓ ਮੈਂ ਸਾਰਾ।।
(ਸਰਬ ਲੋਹ ਗ੍ਰੰਥ)
ਭਾਵ ਸੰਸਾਰ ਤੋਂ ਨਿਆਰੇ ਰਹੋ।
- ਨਿਸ਼ਾਨ ਸਾਹਿਬ ਦੇ ਬਸੰਤੀ ਰੰਗ ਦਾ ਭਾਵ ਹੈ ਕਿ ਦੁਨੀਆ ਵੱਲੋਂ ਮਨ ਮਾਰ ਕੇ ਇੱਕ ਦੇ ਪੁਜਾਰੀ ਬਣੋ।
- ਨਿਸ਼ਾਨ ਸਾਹਿਬ ਦੇ ਕੱਪੜੇ ਦਾ ਗੂੜ੍ਹਾ ਕੇਸਰੀ ਰੰਗ ਦੱਸਦਾ ਹੈ ਕਿ ਇਹ ਸ਼ਹੀਦਾਂ ਦੀ ਦੇਣ ਹੈ।
- ਜਿਸ ਤਰ੍ਹਾਂ ਕੱਪੜੇ ਪਹਿਨ ਕੇ ਠੰਢ ਅਤੇ ਗਰਮੀ ਤੋਂ ਬਚਾਅ ਹੁੰਦਾ ਹੈ, ਇਸ ਤਰ੍ਹਾਂ ਹੀ ਜੋ ਨਿਸ਼ਾਨ ਸਾਹਿਬ ਦੀ ਸ਼ਰਨ ਆਉਣਗੇ, ਉਹਨਾਂ ਦੇ ਪਾਪਾਂ ਦਾ ਪਾਲਾ ਤੇ ਈਰਖਾ ਦੀ ਤਪਸ਼ ਮਿਟ ਜਾਵੇਗੀ।
- ਨਿਸ਼ਾਨ ਸਾਹਿਬ ਦੀਆਂ ਚਾਰੇ ਪਾਸਿਆਂ ਤੋਂ ਧਰਤੀ ਨਾਲ ਲੱਗੀਆਂ ਤਾਰਾਂ ਚਾਰਾਂ ਵਰਨਾਂ ਨੂੰ ਨਿਸ਼ਾਨ ਸਾਹਿਬ ਦੀ
ਤਰਫ ਪ੍ਰੇਰ ਕੇ ਕਹਿ ਰਹੀਆਂ ਹਨ ਕਿ ਆਓ, ਇੱਥੇ ਖੱਤਰੀ, ਬ੍ਰਾਹਮਣ, ਵੈਸ਼ ਤੇ ਸ਼ੂਦਰ ਸਭ ਨੂੰ ਸਾਂਝਾ ਉਪਦੇਸ਼ ਮਿਲੇਗਾ ਅਤੇ ਤਾਰਾਂ ਦਾ ਧਰਤੀ ਨਾਲ ਸੰਬੰਧ ਹੋਣਾ ਇਹ ਵੀ ਦੱਸਦਾ ਹੈ ਕਿ ਦੁਨੀਆ ਨਾਲ ਸੰਬੰਧ ਰੱਖੋ ਅਤੇ ਆਪਣੇ ਕੇਂਦਰ ਨਾਲ ਵੀ ਜੁੜੇ ਰਹੋ।
6.ਨਿਸ਼ਾਨ ਸਾਹਿਬ ਦਾ ਕਮਰ-ਕੱਸਾ ਸਿੱਖਿਆ ਦਿੰਦਾ ਹੈ ਕਿ ਗ਼ਰੀਬ ਦੀ ਰੱਖਿਆ ਲਈ, ਪਰਉਪਕਾਰ ਵਾਸਤੇ ਹਮੇਸ਼ਾ
ਕਮਰ-ਕੱਸਾ ਕੱਸੀ ਰੱਖੋ ਤੇ ਤਿਆਰ-ਬਰ-ਤਿਆਰ ਰਹੋ।
- ਨਿਸ਼ਾਨ ਸਾਹਿਬ ਦੀ ਭੌਣੀ ਸਿੱਖਿਆ ਦਿੰਦੀ ਹੈ ਕਿ ਜਿਸ ਤਰ੍ਹਾਂ ਮੇਰੇ ਫਿਰਨ ਨਾਲ ਹੇਠਲੀ ਚੀਜ਼ ਉੱਤੇ ਅਤੇ ਉਤਲੀ ਹੇਠਾਂ ਆ ਜਾਂਦੀ ਹੈ, ਇਸੇ ਤਰ੍ਹਾਂ ਤੁਸੀਂ ਵੀ ਸਿਮਰਨ ਦੁਆਰਾ ਮਨ ਨੂੰ ਨੀਵਾਂ ਤੇ ਮੱਤ ਨੂੰ ਉੱਚੀ ਕਰ ਕੇ ਨੀਵਿਆਂ ਤੋਂ ਉੱਚੇ ਹੋਵੋ।
- ਜਿਸ ਤਰ੍ਹਾਂ ਸਮੁੰਦਰੀ ਜਾ ਹਵਾਈ ਜਹਾਜ਼ ਅੰਦਰ ਲੱਗੀ ਕੰਪਾਸ ਦੀ ਸੂਈ ਦਾ ਮੁੱਖ ਸਦਾ ਧਰੂ ਤਾਰੇ ਦੀ ਤਰਫ਼
ਹੀ ਰਹਿੰਦਾ ਹੈ, ਇਸੇ ਤਰ੍ਹਾਂ ਖੰਡੇ ਦਾ ਉਤਾਂਹ ਨੂੰ ਮੁੱਖ ਇਹ ਸਿੱਖਿਆ ਦਿੰਦਾ ਹੈ ਕਿ ਕੰਪਾਸ ਦੀ ਤਰ੍ਹਾਂ ਇੱਕ ਦੇ ਸਨਮੁਖ ਹੀ ਸਦਾ ਬਿਰਤੀ ਜੋੜੋ।
- ਨਿਸ਼ਾਨ ਸਾਹਿਬ ਦਾ ਨਿਵੇਕਲੇ ਹੋ ਕੇ ਆਕਾਸ਼ ਵਿੱਚ ਖੜੇ ਹੋਣਾ ਦੱਸਦਾ ਹੈ ਕਿ ਦੁਨੀਆ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹੋ।
- ਨਿਸ਼ਾਨ ਸਾਹਿਬ ਦੇ ਸਥੂਲ ਸਤੰਭ ਦਾ ਸਾਫ-ਸੁਥਰਾ, ਸਿੱਧਾ ਹੋਣਾ ਦੱਸਦਾ ਹੈ ਕਿ ਮਨ ਨੂੰ ਇਸੇ ਤਰ੍ਹਾਂ ਨਿਸ਼ਕਪਟ ਤੇ ਸਿੱਧਾ ਕਰ ਕੇ ਪਰਮੇਸ਼ਰ ਨਾਲ ਜੋੜੋ।
ਇਸ ਲਈ ਸਿੰਘਾਂ ਨੇ ਕੇਵਲ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਇਕੱਤਰ ਹੋਣਾ ਹੈ। ਇਸ ਨੂੰ ਸਦਾ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਸਤੇ ਹਰ ਕੁਰਬਾਨੀ ਕਰਨੀ ਹੈ।