ਬਿਉਰੋ ਰਿਪੋਰਟ : ਅਮਰੀਕਾ ਤੋਂ 1 ਹਫਤੇ ਦੇ ਅੰਦਰ ਤੀਜੀ ਨਫਰਤੀ ਵਾਰਦਾਤ ਦਾ ਖੌਫਨਾਕ ਰੂਪ ਸਾਹਮਣੇ ਆਇਆ ਹੈ । ਨਿਊਯਾਰਕ ਵਿੱਚ ਬਜ਼ੁਰਗ ਨਫਰਤੀ ਹਮਲੇ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਚੱਲਾ ਗਿਆ । ਜਸਮੇਰ ਸਿੰਘ ਦਾ ਇੱਕ ਗੋਰੇ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਅਮਰੀਕੀ ਟੈਲੀਵਿਜਨ ਅਤੇ ਰੇਡੀਓ ਸੇਵਾ ਦੇ ਮੁਤਾਬਿਕ ਜਸਮੇਰ ਸਿੰਘ ਆਉਣ ਵਾਲੇ ਹਫਤੇ ਵਿੱਚ ਭਾਰਤ ਆਉਣ ਵਾਲੇ ਸਨ । ਦਰਅਸਲ ਜਸਮੇਰ ਸਿੰਘ ਆਪਣੀ ਗੱਡੀ ਵਿੱਚ ਪਤਨੀ ਨੂੰ ਡਾਕਟਰ ਤੋਂ ਘਰ ਲੈਕੇ ਜਾ ਰਹੇ ਸਨ। ਇਸੇ ਦੌਰਾਨ ਵੈਨ ਵਿਕ ਐਕਸਪ੍ਰੈਸ-ਵੇਅ ‘ਤੇ ਜਸਮੇਰ ਸਿੰਘ ਦੀ ਕਾਰ ਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ । ਜਿਸ ਦੇ ਬਾਅਦ ਡਰਾਈਵਰ ਉਨ੍ਹਾਂ ਦੇ ਖਿਲਾਫ ਗੁੱਸੇ ਵਿੱਚ ਆ ਗਿਆ ਅਤੇ ਜਸਮੇਰ ਸਿੰਘ ‘ਤੇ ਹਮਲਾ ਕਰ ਦਿੱਤਾ । ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ । ਜਸਮੇਰ ਦੇ ਪਰਿਵਾਰ ਨੇ ਐਤਰਾਰ ਰਾਤ ਨੂੰ ਨਿਊਯਾਰਕ ਵਿੱਚ ਸ਼ੱਕੀ ਸ਼ਖਸ ਦੇ ਖਿਲਾਫ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕਰਵਾਇਆ ਹੈ ਜਸਮੇਰ ਦੇ ਪੁੱਤਰ ਮੁਲਤਾਨੀ ਨੇ ਕਿਹਾ ਮੇਰੇ ਪਿਤਾ ਇੱਕ ਪੜ੍ਹੇ ਲਿਖੇ ਅਤੇ ਬਹੁਤ ਹੀ ਨੇਕ ਇਨਸਾਨ ਸਨ ।
ਹਮਲੇ ਦੇ ਦੌਰਾਨ ਪਿਤਾ ਦਾ ਸਿਰ ਫੱਟ ਗਿਆ, 2 ਦੰਦ ਟੁੱਟ ਗਏ
ਜਾਣਕਾਰੀ ਦੇ ਮੁਤਾਬਿਕ 68 ਸਾਲ ਦੇ ਜਸਮੇਰ ਸਿੰਘ ਆਪਣੇ ਪਰਿਵਾਰ ਨਾਲ ਅਮਰੀਕਾ ਰਹਿੰਦੇ ਸਨ । ਪੁੱਤਰ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੇ ਪਿਤਾ ਦਾ ਸਿਰ ਫੱਟ ਗਿਆ ਅਤੇ ਸਾਹਮਣੇ ਦੀ ਦੰਦ ਟੁੱਟ ਗਏ ਸਨ। ਜਿਸ ਦੇ ਚੱਲਦਿਆਂ ਪਿਤਾ ਜਸਮੇਰ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਪੂਰਾ ਪਰਿਵਾਰ ਦੁੱਖੀ ਹੈ । ਅਗਲੇ ਹਫਤੇ ਹੀ ਪਿਤਾ ਨੇ ਪੰਜਾਬ ਜਾਣਾ ਸੀ ।
ਜਾਂਚ ਅਧਿਕਾਰੀ ਮੁਤਾਬਿਕ ਕਾਰ ਦੇ ਡਰਾਈਵਰ ਨੂੰ ਫੜ ਲਿਆ ਗਿਆ ਹੈ । ਉਸ ‘ਤੇ ਕਤਲ ਸਮੇਤ ਕਈ ਇਲਜ਼ਾਮ ਵੀ ਲੱਗੇ ਹਨ। ਪਰ ਨਫਰਤੀ ਅਪਰਾਧ ਦੀ ਧਾਰਾ ਨਹੀਂ ਲਗਾਈ ਗਈ ਹੈ । CBS ਨਿਊਜ਼ ਦੇ ਮੁਤਾਬਿਕ ਪੁੱਤਰ ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਦੇ ਪਿਤਾ ਦੀ ਪੱਗ ਸਿੱਖ ਵਰਗੀ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਖਿਲਾਫ ਇਹ ਹੈਵਾਨੀਅਤ ਕੀਤੀ ਗਈ ਹੈ। ਉਹ ਚਾਹੁੰਦੇ ਹਨ ਇਸ ਦੇ ਖਿਲਾਫ ਨਫਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ।
ਆਪਣੇ ਸ਼ਹਿਰ ਨਾਲ ਪਿਆਰ ਕਰਦੇ ਸਨ ਜਸਮੇਰ
ਮੁਲਤਾਨੀ ਨੇ ਕਿਹਾ ਕਿ ਉਹ ਸ਼ਖਸ ਮੇਰੇ ਪਿਤਾ ਨੂੰ ਉਨ੍ਹਾਂ ਦੀ ਪੱਗ ਨਾਲ ਸੰਬੋਧਿਤ ਕਰ ਰਿਹਾ ਸੀ । ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ । ਇਹ ਨਫਰਤਰੀ ਅਪਰਾਧ ਦਾ ਹਿੱਸਾ ਹੈ। ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਕਿਹਾ ਕਿ ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਸਨ । ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ।
ਪਿਛਲੇ ਹਫਤੇ 19 ਸਾਲ ਦੇ ਸਿੱਖ ਨੌਜਵਾਨ ਦੀ ਬੱਸ ਵਿੱਚ ਇੱਕ ਸ਼ਖਸ ਨੇ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ, ਗਾਲ੍ਹਾਂ ਕੱਢਿਆ ਸਨ ਅਤੇ ਫਿਰ ਮੂ੍ੰਹ ‘ਤੇ ਮੁੱਕੇ ਮਾਰੇ ਸਨ । ਇਹ ਨਫਰਤੀ ਹਿੰਦਾ ਦਾ ਮਾਮਲਾ ਸੀ ਜਿਸ ਵਿੱਚ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਲਿਆ ਸੀ । ਨਿਊ ਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਸਿੰਘ ਭੱਲਾ ਨੂੰ ਈ-ਮੇਲ ਦੇ ਜ਼ਰੀਏ ਨਫ਼ਰਤ ਟਿੱਪਣੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ ਸਨ । ਧਮਕੀ ਭਰੀ ਮੇਲ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ । ਜਿਸ ਤੋਂ ਬਾਅਦ ਪਰਿਵਾਰ ਨੂੰ ਸੁਰੱਖਿਆ ਦਿੱਤੀ ਗਈ ਸੀ । ਇਸ ਤੋਂ ਪਹਿਲਾਂ ਅਮਰੀਕਾ ਵਿੱਚ ਫਲਸਤੀਨ ਦੇ 6 ਸਾਲ ਦੇ ਬੱਚੇ ਦੇ ਢਿੱਡ ਵਿੱਚ ਮਕਾਨ ਮਾਲਿਕ ਨੇ 31 ਵਾਰ ਚਾਕੂ ਮਾਰਿਆ ਅਤੇ ਕਿਹਾ ਤੁਹਾਨੂੰ ਮਰ ਜਾਣਾ ਚਾਹੀਦਾ ਹੈ। ਮਕਾਨ ਮਾਲਿਕ ਨੇ ਬੱਚੇ ਦੀ ਮਾਂ ‘ਤੇ ਵੀ ਹਮਲਾ ਕੀਤਾ ਸੀ ਪਰ ਉਹ ਬਚ ਗਈ । ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਅਜਿਹੀ ਵਾਰਦਾਤ ਦੀ ਕੋਈ ਥਾਂ ਨਹੀਂ ਹੈ ।