ਚੰਡੀਗੜ੍ਹ- (ਪੁਨੀਤ ਕੌਰ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ 12 ਮਾਰਚ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਸਨ। 16 ਦਿਨਾਂ ਬਾਅਦ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਜਸਟਿਨ ਟਰੂਡੋ ਦੀ ਪਤਨੀ ਨੇ ਉਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਸਨ। ਉਸ ਨੇ ਕਿਹਾ ਕਿ ਮੈਂ ਦੁਨੀਆ ‘ਚ ਵਸਦੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸਨੇ ਮੇਰੀ ਮੁਸ਼ਕਿਲ ਘੜੀ ‘ਚ ਮੇਰੇ ਲਈ ਦੁਆਵਾਂ ਮੰਗੀਆਂ ਹਨ। ਉਸਨੇ ਕਿਹਾ ਕਿ ਮੈਂ ਹੁਣ ਠੀਕ ਹੋ ਚੁੱਕੀ ਹਾਂ ਪਰ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਅਤੇ ਦੁਨੀਆ ਦੇ ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਅਜੇ ਜੂਝ ਰਹੇ ਹਨ,ਇਸ ਲਈ ਮੈਂ ਉਨ੍ਹਾਂ ਸਭ ਨੂੰ ਆਪਣਾ ਪਿਆਰ ਅਤੇ ਹਿੰਮਤ ਭੇਜਣਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਇਹ ਇੱਕ ਬਹੁਤ ਔਖਾ ਸਮਾਂ ਹੁੰਦਾ ਹੈ ਪਰ ਅਸੀਂ ਸਾਰੇ ਰਲ ਕੇ ਇਸਨੂੰ ਜਿੱਤ ਸਕਦੇ ਹਾਂ।
ਇਸ ਬਿਮਾਰੀ ਦੌਰਾਨ ਬਹੁਤ ਸਾਰੇ ਲੋਕ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ,ਕਈਆਂ ਨੇ ਆਪਣੀ ਨੌਕਰੀ ਗੁਆਈ ਹੈ,ਕਈਆਂ ਦੇ ਵਪਾਰ ਬੰਦ ਹੋ ਗਏ ਹਨ,ਕਈ ਇਕਾਂਤਵਾਸ ਵਿੱਚ ਰਹਿ ਰਹੇ ਹਨ। ਸਾਰਾ ਵਿਸ਼ਵ ਇਸਤੋਂ ਪ੍ਰਭਾਵਿਤ ਹੋਇਆ ਹੈ। ਇਸ ਮੁਸ਼ਕਿਲ ਘੜੀ ਵਿੱਚ ਸਾਨੂੰ ਇੱਕ ਦੂਜੇ ਦਾ ਧਿਆਨ ਰੱਖਣ ਦੀ ਲੋੜ ਹੈ। ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਜਦੋਂ ਅਸੀਂ ਇਸ ਔਖੇ ਸਮੇਂ ਵਿੱਚੋਂ ਲੰਘ ਆਏ ਤਾਂ ਅਸੀਂ ਬਹੁਤ ਤਾਕਤਵਰ ਹੋਵਾਂਗੇ ਅਤੇ ਸਭ ਕੁੱਝ ਬਹੁਤ ਖੂਬਸੂਰਤ ਹੋਵੇਗਾ। ਇਸ ਬਿਮਾਰੀ ਤੋਂ ਬਚਣ ਲਈ ਸਾਰੇ ਆਪਣਾ ਧਿਆਨ ਰੱਖੋ ਅਤੇ ਸਾਵਧਾਨੀਆਂ ਦਾ ਪਾਲਣ ਕਰੋ। ਉਸਨੇ ਕਿਹਾ ਕਿ ਤੁਸੀਂ ਕਦੇ ਇਕੱਲੇ ਨਹੀਂ ਹੋ,ਅਸੀਂ ਤੁਹਾਡੇ ਨਾਲ ਹਾਂ।