Punjab

ਸਿੱਲ੍ਹੀਆਂ ਅੱਖ਼ਾਂ ਨਾਲ ਸ਼ਹੀਦ ਗੁਰਤੇਜ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਲੱਦਾਖ ‘ਚ ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਨੌਜਵਾਨ ਫੌਜੀ ਗੁਰਤੇਜ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਵੀਰੇਵਾਲਾ ਡੋਗਰਾ ਜਿਲ੍ਹਾ ਮਾਨਸਾ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।

ਇਸ ਤੋਂ ਇਲਾਵਾ ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜ਼ਲੀ ਦੇਣ ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਸਾਰਿਆਂ ਨੇ ਸਿੱਲ੍ਹੀਆਂ ਅੱਖਾਂ ਨਾਲ ਸ਼ਹੀਦ ਗੁਰਤੇਜ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਗੁਰਤੇਜ ਸਿੰਘ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰ ਗਿਆ।

ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ। ਸ਼ਹੀਦ ਗੁਰਤੇਜ ਸਿੰਘ ਨੇ ਭਰਾ ਦੇ ਵਿਆਹ ‘ਤੇ ਜਾਣ ਲਈ ਛੁੱਟੀ ਦੀ ਅਰਜੀ ਵੀ ਦਾਖ਼ਲ ਕੀਤੀ ਸੀ, ਪਰ ਸਰਹੱਦ ਉੱਪਰ ਹਾਲਾਤ ਖਰਾਬ ਹੋਣ ਕਾਰਨ ਗੁਰਤੇਜ ਸਿੰਘ ਦੀ ਛੁੱਟੀ ਨਾ-ਮਨਜੂਰ ਕਰ ਦਿੱਤੀ ਗਈ ਸੀ। 15 ਜੂਨ ਦੀ ਰਾਤ ਲੱਦਾਖ ‘ਚ ਗਲਵਾਨ ਘਾਟੀ ਵਿੱਚ ਭਾਰਤ-ਚੀਨ ਸਰਹੱਦ ਉੱਪਰ ਦੋਵਾਂ ਫੌਜਾਂ ‘ਚ ਝੜਪ ਹੋ ਗਈ, ਜਿਸ ਵਿੱਚ ਗੁਰਤੇਜ ਸਿੰਘ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਜਿੰਨ੍ਹਾਂ ਵਿੱਚੋਂ 4 ਨੌਜਵਾਨ ਪੰਜਾਬ ਦੇ ਵਸਨੀਕ ਸਨ।