‘ਦ ਖ਼ਾਲਸ ਬਿਊਰੋ:- ਵਿਵਾਦਾਂ ‘ਚ ਰਹਿਣ ਵਾਲੇ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਨੂੰ ਅੱਜ ਨਾਭਾ ਪੁਲਿਸ ਨੇ ਵੱਡਾ ਗੇਟ ਕੋਲ ਨਾਕੇ ਉੱਤੇ ਰੋਕ ਲਿਆ। ਮੂਸੇਵਾਲੇ ਨੂੰ ਰੋਕਣ ਦਾ ਕਾਰਨ ਇਹ ਸੀ ਕਿ ਉਸ ਦੀਆਂ ਗੱਡੀਆਂ ਦੇ ਸ਼ੀਸ਼ੇ ਕਾਲੇ ਸੀ। ਇਸ ਕਰਕੇ ਸਿੱਧੂ ਮੂਸੇਵਾਲਾ ਅੱਜ ਜਦੋਂ ਨਾਭਾ ਦੇ ਵੱਡਾ ਗੇਟ ਕੋਲੋਂ ਕਾਲੀ ਰੇਂਜ ਰੋਵਰ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ, ਤਾਂ ਪੁਲਿਸ ਨੇ ਰੋਕ ਕੇ ਉਸਦਾ ਚਲਾਨ ਕੱਟ ਦਿੱਤਾ। ਮੂਸਾਵਾਲੇ ਨਾਲ ਇੱਕ ਹੋਰ ਸਕਾਰਪੀਓ ਗੱਡੀ ਸੀ, ਜਿਸਨੂੰ ਉਸਦਾ ਸਾਥੀ ਰਵਿੰਦਰ ਸਿੰਘ ਚਲਾ ਰਿਹਾ ਸੀ, ਉਸਦੇ ਵੀ ਸ਼ੀਸ਼ੇ ਕਾਲੇ ਹੋਣ ਕਾਰਨ ਪੁਲਿਸ ਨੇ ਦੋਵਾਂ ਗੱਡੀਆਂ ਦਾ ਚਲਾਨ ਕਰ ਦਿੱਤਾ।
ਇੱਥੇ ਇੱਕ ਗੱਲ ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਉੱਪਰ ਆਰਮਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਵੱਖ-ਵੱਖ ਟੀਮਾਂ ਬਣਾਕੇ ਮੂਸੇਵਾਲੇ ਦੀ ਭਾਲ ਜਾਰੀ ਹੈ। ਪਰ ਅੱਜ ਜਦੋਂ ਮੂਸੇਵਾਲੇ ਨੂੰ ਪੁਲਿਸ ਨੇ ਨਾਕੇ ਉੱਪਰ ਰੋਕਿਆ ਤਾਂ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਸਿਰਫ ਗੱਡੀਆਂ ਦਾ ਚਲਾਨ ਕੱਟ ਕੇ ਚਲੇ ਜਾਣ ਲਈ ਆਖ ਦਿੱਤਾ ਗਿਆ। ਸਿੱਧੂ ਮੂਸੇਵਾਲਾ 8 ਜੂਨ ਨੂੰ ਨਾਭੇ ਚਲਾਨ ਭੁਗਤੇਗਾ।