Punjab

ਸਿੱਧੂ ਨੂੰ ਕਿਸਾਨਾਂ ਨੇ ਘੇਰਿਆ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):-ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵੱਲੋਂ ਅੱਜ ਜ਼ਬਰਦਸਤ ਵਿਰੋਧ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਅੱਜ ਆਪਣੇ ਵੱਡੇ ਕਾਫਲੇ ਸਮੇਤ ਲਖੀਮਪੁਰ ਖੀਰੀ ਲਈ ਰਵਾਨਾ ਹੋਣ ਲਈ ਜਦੋਂ ਪਟਿਆਲਾ ਤੋਂ ਮੁਹਾਲੀ ਲਈ ਰਵਾਨਾ ਹੋਏ ਤਾਂ ਧਰੇੜੀ ਜੱਟਾਂ ਟੋਲ ਪਲਾਜ਼ਾ ਦੇ ਕੋਲ ਕਿਸਾਨਾਂ ਨੇ ਸਿੱਧੂ ਦਾ ਭਾਰੀ ਵਿਰੋਧ ਕੀਤਾ। ਕਿਸਾਨਾਂ ਨੇ ਸਿੱਧੂ ਤੋਂ ਮੰਗ ਕੀਤੀ ਕਿ ਪਹਿਲਾਂ ਪੰਜਾਬ ਦੀਆਂ ਸਰਹੱਦਾਂ ‘ਤੇ ਰਹਿੰਦੇ ਕਿਸਾਨਾਂ ਦੀ ਸਾਰ ਲਏ ਅਤੇ ਸਰਹੱਦੀ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ।

ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਨਵਜੋਤ ਸਿੱਧੂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਗੁੱਸੇ ’ਚ ਆਏ ਕਿਸਾਨਾਂ ਨੇ ਜਿੱਥੇ ਕਾਂਗਰਸ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਕਾਫਲੇ ਵਿੱਚ ਸ਼ਾਮਲ ਸਿੱਧੂ ਸਮਰਥਕਾਂ ਦੀਆਂ ਗੱਡੀਆਂ ’ਤੇ ਲੱਗੇ ਪੋਸਟਰ ਵੀ ਪਾੜ ਦਿੱਤੇ।

ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ 11.00 ਵਜੇ ਆਪਣੀ ਰਿਹਾਇਸ਼ ਤੋਂ ਉੱਤਰ ਪ੍ਰਦੇਸ਼ ਵਿਖੇ ਵਾਪਰੀ ਘਟਨਾ ਤੋਂ ਬਾਅਦ ਰਵਾਨਾ ਹੋਏ ਸਨ। ਇਸ ਮੌਕੇ ਹਲਕਾ ਸਮਾਣਾ ਤੋ ਵਿਧਾਇਕ ਕਾਕਾ ਰਾਜਿੰਦਰ ਸਿੰਘ ਵੀ ਨਾਲ ਸਨ। ਸਿੱਧੂ ਕਾਫਲੇ ਸਮੇਤ ਜਿਵੇਂ ਹੀ ਪਟਿਆਲਾ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ਾ ਕੋਲ ਪੁੱਜੇ ਤਾਂ ਵੱਡੀ ਗਿਣਤੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਕਾਲੇ ਝੰਡਿਆਂ ਨਾਲ ਸਿੱਧੂ ਦੇ ਕਾਫਲੇ ਨੂੰ ਰੋਕ ਲਿਆ। ਇਸ ਮੌਕੇ ਗੱਡੀ ਵਿੱਚ ਬੈਠੇ ਸਿੱਧੂ ਨੂੰ ਕਿਸਾਨਾਂ ਵੱਲੋਂ ਆਪਣਾ ਮੈਮੋਰੰਡਮ ਵੀ ਸੌਂਪਿਆ ਗਿਆ, ਜਿਸ ਮਗਰੋਂ ਕਿਸਾਨਾਂ ਨੇ ਸਿੱਧੂ ਦੀ ਗੱਡੀ ਨੂੰ ਜਾਣ ਦਿੱਤਾ ਅਤੇ ਬਾਕੀ ਕਾਫਲੇ ਦੀਆਂ ਗੱਡੀਆਂ ਨੂੰ ਰੋਕ ਲਿਆ। ਇਸ ਮੌਕੇ ਕਿਸਾਨਾਂ ਬੀਬੀਆਂ ਨੇ ਸਿੱਧੂ ਨੂੰ ਘੇਰਦਿਆਂ ਕਿਹਾ ਕਿ ਅੱਜ ਸਿੱਧੂ ਵੱਲੋਂ ਕਿਸਾਨਾਂ ਪ੍ਰਤੀ ਹੇਜ ਜਿਤਾਇਆ ਜਾ ਰਿਹਾ, ਜਦ ਚੋਣਾਂ ਸਿਰ ’ਤੇ ਪੈ ਗਈਆਂ ਹਨ।