India International

ਸਿੱਖਸ ਫਾਰ ਜਸਟਿਸ (SFJ) ਦੀਆਂ 40 ਵੈੱਬਸਾਈਟਾਂ ਭਾਰਤ ਸਰਕਾਰ ਨੇ ਕੀਤੀਆਂ ਬਲੌਕ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਵੱਲੋਂ ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ-2020 ਦੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀਂ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਵਿੱਚ ਰੈਫਰੈਂਡਮ-2020 ਲਈ ਵੋਟਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਸਤੇ 4 ਜੁਲਾਈ ਤੋਂ ਵੈੱਬਸਾਈਟ ਲਾਂਚ ਕਰਨ ਦਾ ਐਲਾਨ ਕੀਤਾ ਸੀ।

 

ਇਸ ਤੋਂ ਬਾਅਦ SFJ ਨੇ ਇੱਕ ਰੂਸੀ ਪੋਰਟਲ ਰਾਹੀਂ ਵੋਟਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਇੱਕ ਵੈੱਬਸਾਈਟ (www.punjabfree.ru) ਲਾਂਚ ਕੀਤੀ ਸੀ। ਜਿਸ ‘ਤੇ ਜਾ ਕੇ ਪੰਜਾਬ ਦੇ ਲੋਕ ਆਪਣੀਆਂ ਵੋਟਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਸਨ। ਪਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (ਐਮਐਚਏ) ਦੀ ਸਿਫਾਰਸ਼ ‘ਤੇ ਐਤਵਾਰ ਨੂੰ ਸਿਖਸ ਫਾਰ ਜਸਟਿਸ (SFJ) ਦੀਆਂ 40 ਵੈਬਸਾਈਟਾਂ ਨੂੰ ਬਲੌਕ ਕਰ ਦਿੱਤਾ ਗਿਆ। ਜਿਸ ਕਾਰਨ ਸਿੱਖਸ ਫਾਰ ਜਸਟਿਸ ਵੱਲੋਂ ਆਨਲਾਈਨ ਵੋਟਿੰਗ ਰਜਿਸਟ੍ਰੇਸ਼ਨ ਲਈ ਜਾਰੀ ਕੀਤੀ ਗਈ ਵੈੱਬਸਾਈਟ ਵੀ ਭਾਰਤ ਵਿੱਚ ਬਲੌਕ ਹੋ ਗਈ।