Punjab

ਸਾਨੂੰ ਸਰਕਾਰ ਨਹੀਂ ਦੱਸੇਗੀ ਕਿ ਕਦੋਂ ਝੋਨਾ ਵੱਢਣਾ ਤੇ ਕਿੰਨਾ ਵੇਚਣਾ ਹੈ : ਚੜੂਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਝੋਨੇ ਦੀ ਖਰੀਦ ਉੱਤੇ 25 ਕਵਿੰਟਲ ਦੀ ਕੈਪ ਲਗਾ ਦਿੱਤੀ ਗਈ ਹੈ, ਯਾਨੀ ਕਿ ਹੁਣ ਇੱਕ ਏਕੜ ‘ਚੋਂ 25 ਕਵਿੰਟਲ ਝੋਨਾ ਹੀ ਵਿਕੇਗਾ, ਜਦੋਂ ਕਿ ਪਹਿਲਾਂ ਇਹ 33 ਕਵਿੰਟਲ ਸੀ। ਚੜੂਨੀ ਨੇ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਪਤਾ ਨਹੀਂ ਸਰਕਾਰ ਨੇ ਕੁਰਸੀਆਂ ਉੱਤੇ ਕਿਹੋ ਜਿਹੇ ਨਖਿੱਧ ਅਧਿਕਾਰੀ ਬਿਠਾ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਤੈਅ ਕਰ ਰਹੀ ਹੈ ਕਿ ਕਿਸ ਤਰੀਕ ਤੋਂ ਝੋਨਾ ਵੱਢਣਾ ਹੈ, ਜਦੋਂ ਕਿ ਝੋਨਾਂ ਸਰਕਾਰੀ ਤਰੀਕਾਂ ਪੁੱਛ ਕੇ ਨਹੀਂ ਸੁੱਕੇਗਾ। ਉਨ੍ਹਾਂ ਕਿਹਾ ਕਿ ਜਦੋਂ ਝੋਨਾਂ ਪੱਕੇਗਾ, ਉਦੋਂ ਹੀ ਵੱਢਾਂਗੇ, ਸਰਕਾਰ ਇਹੋ ਜਿਹੇ ਹੁਕਮ ਦੇਣੇ ਬੰਦ ਕਰ ਦੇਵੇ। ਇੱਥੋਂ ਤੱਕ ਕਿ ਸ਼ਿਕਾਇਤਾਂ ਕਰਨ ਉੱਤੇ ਵੀ ਕੁੱਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਦੇਰੀ ਪੋਰਟਲ ਬੰਦ ਕਰ ਦੇਵੇ।

ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਈ ਥਾਈਂ ਕਿਸਾਨਾਂ ਦੀਆਂ ਟਰਾਲੀਆਂ ਰੋਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਕੋਈ ਰੋਕੇ ਤਾਂ ਗੇਟ ਤੋੜ ਕੇ ਅੰਦਰ ਟਰਾਲੀ ਲੈ ਕੇ ਜਾਓ। ਉਨ੍ਹਾਂ ਸਰਕਾਰ ਨੂੰ ਵੀ ਚੇਤਾਵਨੀ ਕਿ ਸਰਕਾਰ ਪਰੇਸ਼ਾਨ ਕਰਨਾ ਬੰਦ ਕਰ ਦੇਵੇ ਨਹੀਂ ਤਾਂ ਕਿਸਾਨ ਮੁੜ ਤੋਂ ਸੜਕਾਂ ਜਾਮ ਕਰ ਦੇਣਗੇ ਤੇ ਫਿਰ ਪਰੇਸ਼ਾਨੀ ਖੜ੍ਹੀ ਹੋ ਜਾਵੇਗੀ।