India

ਸਾਡਾ ਸੰਘਰਸ਼ ਹਾਲੇ ਨਹੀਂ ਖ਼ਤਮ ਹੋਇਆ,ਅਸੀਂ ਲੜਾਂਗੇ : ਸਾਕਸ਼ੀ ਮਲਿਕ

ਦਿੱਲੀ : ਦਿੱਲੀ ਜੰਤਰ-ਮੰਤਰ ਵਿਖੇ ਧਰਨਾ ਸਥਾਨ ਖਾਲੀ ਕਰਵਾਏ ਜਾਣ ਤੋਂ ਬਾਅਦ ਕੱਲ ਦੇਰ ਸ਼ਾਮ ਹਿਰਾਸਤ ‘ਚ ਲਏ ਗਏ ਸਾਰੇ ਖਿਡਾਰੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ । ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਖਿਡਾਰੀਆਂ ‘ਤੇ ਦੰਗਾ ਭੜਕਾਉਣ ਵਰਗੀਆਂ ਧਾਰਾਵਾਂ ਲਾ ਕੇ ਕੇਸ ਦਰਜ ਕੀਤੇ ਗਏ ਹਨ।

ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸਾਕਸ਼ੀ ਨੇ ਕਿਹਾ ਹੈ ਕਿ ਸਿਰਫ਼ ਥੋੜੀ ਦੂਰ ਤੱਕ ਜਾ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਵੀ ਉਹਨਾਂ ਨੂੰ ਨਹੀਂ ਦਿੱਤੀ ਗਈ। ਉਹਨਾਂ ਸਵਾਲ ਕੀਤਾ ਕਿ ਹਰ ਖਿਡਾਰੀ ਪਿੱਛੇ 25-25 ਜਾਣਿਆਂ ਦੀ ਫੋਰਸ ਲਗਾਈ ਗਈ ਸੀ ਤੇ ਫ਼ਿਰ ਦੰਗਾਂ ਕਿਵੇਂ ਭੜਕ ਸਕਦਾ ਸੀ ?

ਇਸ ਤੋਂ ਪਹਿਲਾਂ ਸਾਕਸ਼ੀ ਨੇ ਇਸ ਗੱਲ ਦੀ ਵੀ ਹਾਮੀ ਭਰੀ ਸੀ ਕਿ ਉਹਨਾਂ ਦਾ ਸੰਘਰਸ਼ ਹਾਲੇ ਖ਼ਤਮ ਨਹੀਂ ਹੋਇਆ ਹੈ ਤੇ ਉਹ ਆਖਰੀ ਦਮ ਤੱਕ ਸੰਘਰਸ਼ ਕਰਦੇ ਰਹਿਣਗੇ।

ਉਧਰ ਪਹਿਲਵਾਨ ਬਜਰੰਗ ਪੂਨੀਆ ਵੀ ਟਵੀੱਟਰ ‘ਤੇ ਭਲਵਾਨਾਂ ਖਿਲਾਫ਼ ਪਾਈ ਗਈ ਇੱਕ ਪੋਸਟ ਦਾ ਮੋੜਵਾਂ ਜਵਾਬ ਦਿੰਦੇ ਹੋਏ ਨਜ਼ਰ ਆਏ ।  ਦਰਅਸਲ ਸਾਬਕਾ ਆਈਪੀਐਸ ਐਨਸੀ ਅਸਥਾਨਾ ਨੇ ਇੱਕ ਟਵੀਟ ਵਿੱਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਖਿਲਾਫ ਹੋਈ ਪੁਲਿਸ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਲਿਖਿਆ ਸੀ ਕਿ ਜੇਕਰ ਲੋੜ ਪਈ ਤਾਂ ਗੋਲੀਆਂ ਵੀ ਚਲਾਈਆਂ ਜਾਣਗੀਆਂ।

ਇਹ ਟਵੀਟ ਐਤਵਾਰ ਨੂੰ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਮਗਰੋਂ ਕੀਤਾ ਗਿਆ ਸੀ। ਇਸ ਸਾਬਕਾ ਆਈਪੀਐਸ ਅਧਿਕਾਰੀ ਨੇ ਆਪਣੇ ਟਵੀਟ ਵਿੱਚ  ਲਿਖਿਆ ਸੀ ਕਿ “ਜੇਕਰ ਲੋੜ ਪਈ ਤਾਂ ਗੋਲੀ ਚਲਾਵਾਂਗੇ ਪਰ ਤੁਹਾਡੇ ਕਹਿਣ ‘ਤੇ ਨਹੀਂ। ਹਾਲੇ ਤਾਂ ਸਿਰਫ਼ ਕੂੜੇ ਦੇ ਥੈਲੇ ਵਾਂਗ ਘੜੀਸ ਕੇ ਸੁੱਟਿਆ ਹੈ। ਪੁਲਿਸ ਨੂੰ ਧਾਰਾ 129 ਵਿੱਚ ਗੋਲੀ ਚਲਾਉਣ ਦਾ ਅਧਿਕਾਰ ਹੈ। ਉਚਿਤ ਹਾਲਾਤਾਂ ਵਿੱਚ, ਉਹ ਇੱਛਾ ਵੀ ਪੂਰੀ ਹੋ ਜਾਵੇਗੀ ਪਰ ਇਹ ਜਾਣਨ ਲਈ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਪੋਸਟਮਾਰਟਮ ਟੇਬਲ ‘ਤੇ ਫਿਰ ਮਿਲਦੇ ਹਾਂ।”

https://twitter.com/NcAsthana/status/1662857287265054721?s=20

ਇਸ ਦੇ ਜਵਾਬ ਵਿੱਚ ਬਜਰੰਗ ਪੂਨੀਆ ਨੇ ਲਿਖਿਆ ਹੈ ਕਿ ਇਹ ਆਈਪੀਐਸ ਅਫਸਰ ਗੋਲੀ ਮਾਰਨ ਦੀ ਗੱਲ ਕਰ ਰਿਹਾ ਹੈ। ਉਹਨਾਂ ਇਸ ਅਫ਼ਸਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਸਾਹਮਣੇ ਖੜ੍ਹੇ ਹਾਂ,ਦੱਸੋ  ਗੋਲੀਆਂ ਖਾਣ ਲਈ ਕਿੱਥੇ ਆਉਣਾ ਹੈ ? ਮੈਂ ਸਹੁੰ ਖਾਂਦਾ ਹਾਂ ਕਿ ਮੈਂ ਪਿੱਠ ਨਹੀਂ ਦਿਖਾਵਾਂਗਾ, ਮੈਂ ਤੁਹਾਡੀਆਂ ਗੋਲੀਆਂ ਸੀਨੇ ‘ਤੇ ਖਾਵਾਂਗਾ। ਹੁਣ ਸਾਡੇ ਨਾਲ ਇਹ ਕਰਨ ਨੂੰ ਰਹਿ ਗਿਆ ਸੀ, ਚਲੋ ਇਹ ਵੀ ਸਹੀ।

https://twitter.com/BajrangPunia/status/1663035209783099393?s=20

ਦਿੱਲੀ ਪੁਲਿਸ ਨੇ ਐਤਵਾਰ ਨੂੰ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੂੰ ਨਵੀਂ ਸੰਸਦ ਭਵਨ ਵੱਲ ਵਧਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਹਿਰਾਸਤ ਵਿੱਚ ਲਿਆ ਸੀ। ਸਾਕਸ਼ੀ ਮਲਿਕ, ਵਿਨੇਸ਼ ਅਤੇ ਸੰਗੀਤਾ ਫੋਗਾਟ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।

ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਨੂੰ ਆਪਣਾ ਅੰਦੋਲਨ ਮੁੜ ਸ਼ੁਰੂ ਕੀਤਾ ਸੀ। ਵਿਰੋਧ ਕਰ ਰਹੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ‘ਤੇ ਇਕ ਨਾਬਾਲਗ ਸਮੇਤ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।