‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਦੇ ਦਫਤਰ ਦੀ ਛੱਤ ਅਤੇ ਗੇਟ ਮੂਹਰੇ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਦੀਆਂ ਬੇਸ਼ੱਕ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ, ਫਿਰ ਵੀ ਕੱਚੇ ਅਧਿਆਪਕਾਂ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹਾਲਾਂਕਿ ਕਿ ਸੂਬਾ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੇ ਇਸਦੀ ਕਾਪੀ ਮਿਲਣ ਤੋਂ ਬਾਅਦ ਬੋਰਡ ਦੀ ਛੱਤ ਉੱਤੇ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਨੂੰ ਹੇਠਾਂ ਉਤਾਰ ਲਿਆ ਹੈ।
ਜਾਣਕਾਰੀ ਅਨੁਸਾਰ ਸਰਕਾਰ ਨੇ ਕੱਚੇ ਅਧਿਆਪਕਾਂ ਦੀ ਭਰਤੀ ਤੇ ਤਿੰਨ ਸਾਲ ਦੇ ਤਜੁਰਬੇ ਵਾਲੀ ਵਿਸ਼ੇਸ਼ ਮੰਗ ਸਣੇ ਹੋਰ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਕੱਚੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਕਾਇਦਾ ਇਸ਼ਤਿਹਾਰ ਤੇ ਹੋਰ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਮਗਰੋਂ ਹੀ 85 ਦਿਨਾਂ ਤੋਂ ਵਿਰੋਧ ਵਿੱਚ ਗੱਡੇ ਗਏ ਤੰਬੂ ਪੁੱਟੇ ਜਾਣਗੇ। ਟੀਚਰਾਂ ਨੇ ਦੋਸ਼ ਲਾਇਆ ਕਿ ਜਦੋਂ ਤੱਕ ਸਰਕਾਰ ਅਗਲੀ ਪ੍ਰਕਿਰਿਆ ਨਾਲ ਪੱਕਾ ਹੱਲ ਸਾਡੇ ਹੱਥਾਂ ਉੱਤੇ ਨਹੀਂ ਧਰਦੀ, ਧਰਨਾ ਜਾਰੀ ਰਹੇਗਾ। ਇਸ ਤਰ੍ਹਾਂ ਪਹਿਲਾਂ ਵੀ ਸਰਕਾਰ ਝਾਂਸਾ ਦੇ ਚੁੱਕੀ ਹੈ।