‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲ੍ਹਾ ਵਿੱਚ ਕੱਲ੍ਹ ਇੱਕ ਨੌਜਵਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਤਰਖਾਣ ਮਾਜਰਾ ਵਿੱਚ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਗਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ। ਗੁਰਦੁਆਰੇ ਦੇ ਗ੍ਰੰਥੀ ਮਲਕੀਤ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਗੁਰਦੁਆਰੇ ‘ਚ ਆਇਆ ਅਤੇ ਉਨ੍ਹਾਂ ਨੂੰ ਮੱਥਾ ਟੇਕਣ ਦੀ ਗੱਲ ਕਹੀ। ਇਸ ’ਤੇ ਗ੍ਰੰਥੀ ਨੇ ਜਿੰਦਰਾ ਖੋਲ੍ਹ ਦਿੱਤਾ।
ਨੌਜਵਾਨ ਨੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ। ਗ੍ਰੰਥੀ ਨੇ ਇਸ ਸਬੰਧੀ ਰੌਲ਼ਾ ਪਾਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਉਨ੍ਹਾਂ ਨੌਜਵਾਨ ਨੂੰ ਫੜ ਕੇ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਥਾਣਾ ਸਰਹਿੰਦ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ, ਅਤੇ ਆਪਣੇ ਬਾਰੇ ਪੁਲੀਸ ਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ। ਪੁਲੀਸ ਕਾਰਵਾਈ ਕਰ ਰਹੀ ਹੈ।
ਜਥੇਦਾਰ ਨੇ ਕਿਸਾਨ ਅੰਦੋਲਨ ਨੂੰ ਅਸਫ਼ਲ ਕਰਨ ਦੀ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਇਆ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਇਹ ਕਿਸਾਨ ਅੰਦੋਲਨ ਨੂੰ ਅਸਫ਼ਲ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ ਵਿਖੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ, ਤਾਂ ਉਸ ਵੇਲੇ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ, ਅਤੇ ਹੁਣ ਵੀ ਕਿਸਾਨ ਅੰਦੋਲਨ ਸਿਖਰ ’ਤੇ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਫੜੇ ਗਏ ਵਿਅਕਤੀ ਨੂੰ ਪਾਗਲ ਜਾਂ ਮੰਦਬੁੱਧੀ ਕਰਾਰ ਦੇ ਕੇ ਮਾਮਲਾ ਰਫਾ-ਦਫਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੁਲੀਸ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਜੇ ਅਜਿਹਾ ਨਹੀਂ ਕਰ ਸਕਦੇ ਤਾਂ ਮੁਲਜ਼ਮ ਨੂੰ ਸੰਗਤ ਨੂੰ ਸੌਂਪ ਦੇਵੇ। ਖ਼ਾਲਸਾ ਪੰਥ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਸਮਰੱਥ ਹੈ।
ਲੌਂਗੋਵਾਲ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ’ਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਆਖਿਆ ਕਿ ਬੇਅਦਬੀ ਕਰਨ ਵਾਲੇ ਨੂੰ ਬੇਸ਼ੱਕ ਗ੍ਰਿਫ਼ਤਾਰ ਕਰ ਕੇ ਪੁਲੀਸ ਹਵਾਲੇ ਕੀਤਾ ਗਿਆ ਹੈ, ਪਰ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਸ੍ਰੀ ਲੌਂਗੋਵਾਲ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਨੂੰ ਗੁਰਦੁਆਰਿਆਂ ਵਿਖੇ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।