Punjab

ਵੋਟਾਂ ਪਾਉਣ ਲਈ ਦਿੱਤਾ ਬਿਜਲੀ ਦੀਆਂ ਕੁੰਡੀਆਂ ਲਾਉਣ ਦਾ ਲਾਲਚ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਆਪਣੇ ਬੋਲਾਂ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਬੀਤੇ ਦਿਨੀਂ ਜ਼ਿਲ੍ਹਾ–ਪੱਧਰੀ ਇੱਕ ਰੋਸ ਰੈਲੀ ਵਿੱਚ ਬਿਜਲੀ ਦੇ ਗ਼ੈਰ–ਕਾਨੂੰਨੀ ਕੁੰਡੀ ਕੁਨੈਕਸ਼ਨ ਨੂੰ ਆਧਾਰ ਬਣਾ ਕੇ ਆਪਣੀ ਗੱਲ ਸਮਝਾਉਣ ਦਾ ਯਤਨ ਕੀਤਾ ਪਰ ਲੋਕਾਂ ਨੇ ਉਸ ਮਿਸਾਲ ਨੂੰ ਕੁੱਝ ਹੋਰ ਹੀ ਸਮਝ ਲਿਆ ਤੇ ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਖ਼ੂਬ ਵੇਖਿਆ ਅਤੇ ਸੁਣਿਆ। ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ‘ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਜਿਹੜੇ ਕੁੰਡੀ ਕੁਨੈਕਸ਼ਨ ਲਾਏ ਹੋਏ ਸਨ, ਉਹ ਹਟਾ ਦਿੱਤੇ ਗਏ ਹਨ।’

ਦਰਸ਼ਕਾਂ ਵੱਲ ਇਸ਼ਾਰਾ ਕਰਦਿਆਂ ਵਲਟੋਹਾ ਨੇ ਸੁਆਲ ਕੀਤਾ – ‘ਤੁਸੀਂ ਹੀ ਦੱਸੋ ਕਿ ਅਜਿਹਾ ਕਦੇ ਅਕਾਲੀ ਸਰਕਾਰ ਦੌਰਾਨ ਵਾਪਰਿਆ ਸੀ ਕਿ ਤੁਹਾਡੇ ਕੁੰਡੀ ਕੁਨੈਕਸ਼ਨ ਇੰਝ ਹਟਾਏ ਗਏ ਹੋਣ?’ ਤਦ ਵਲਟੋਹਾ ਨੇ ਜਨਤਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਾ ਪਾਉਣ ਉੱਤੇ ਇੱਕ ਤਰ੍ਹਾਂ ਵਿਅੰਗ ਕੱਸਦਿਆਂ ਆਖਿਆ – ‘ਜਦੋਂ ਤੁਸੀਂ ਸਾਡੀ ਤਾਰ ਹੀ ਹਟਾ ਦੱਤੀ, ਤਾਂ ਤੁਹਾਡੀ ਕੁੰਡੀ ਵੀ ਫੇਰ ਕਿਵੇਂ ਲੱਗੀ ਰਹਿੰਦੀ? ਜੇ ਤੁਸੀਂ ਕੁੰਡੀ ਕੁਨੈਕਸ਼ਨ ਮੁੜ ਤੋਂ ਲਾਉਣਾ ਚਾਹੁੰਦੇ ਹੋ, ਤਾਂ ਤਦ ਤੁਹਾਨੂੰ ਸਾਡੇ ਨਾਲ ਕੁੰਡੀ ਦੋਬਾਰਾ ਜੋੜਨੀ ਪਵੇਗੀ।’ ਇੰਝ ਵਿਰਸਾ ਸਿੰਘ ਵਲਟੋਹਾ ਨੇ ਕੁੰਡੀ ਕੁਨੈਕਸ਼ਨਾਂ ਦੀ ਮਿਸਾਲ ਰਾਹੀਂ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸੱਦਾ ਦਿੱਤਾ। ਪਿਛਲੀ ਅਕਾਲੀ ਸਰਕਾਰ ਵੇਲੇ ਵਲਟੋਹਾ ਦਾ ਹਲਕਾ ਬਿਜਲੀ ਚੋਰੀ ਵਿੱਚ ਕਾਫ਼ੀ ਅਗਾਂਹ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।