‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਫ਼ੋਰਬਜ਼ ਨੇ 2021 ਦੀ ਦੁਨੀਆ ਦੀ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇਸ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਸੂਚੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਹਿਲੇ ਸਥਾਨ ‘ਤੇ ਵੀ ਇੱਕ ਨਵਾਂ ਚਿਹਰਾ ਕਾਬਿਜ਼ ਹੋ ਗਿਆ ਹੈ। ਪਿਛਲੇ ਸਾਲ ਜਿਹੜੀ ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਸੀ ਉਨ੍ਹਾਂ ਵਿੱਚੋਂ ਕਈ ਔਰਤਾਂ ਨੂੰ ਇਸ ਵਾਰ ਇਸ ਲਿਸਟ ਵਿੱਚ ਸਥਾਨ ਨਹੀਂ ਮਿਲ ਸਕਿਆ ਹੈ।
ਪਰ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇਸ਼ ਦੀਆਂ 4 ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿੱਚ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ 37ਵਾਂ ਸਥਾਨ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੇ ਆਪਣੀ ਜਗ੍ਹਾ ਇਸ ਲਿਸਟ ਵਿੱਚ ਬਣਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਫੋਰਬਸ ਨੇ ਨਿਰਮਲਾ ਸੀਤਾਰਮਨ ਨੂੰ ਲਗਾਤਾਰ ਤੀਜੀ ਵਾਰ ‘ਵਿਸ਼ਵ ਦੀਆਂ 100 ਸਭ ਤੋਂ ਤਾਕਤਵਰ ਔਰਤਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਵਾਰ ਉਹ ਸੂਚੀ ਵਿੱਚ 37ਵੇਂ ਨੰਬਰ ‘ਤੇ ਹੈ, ਜਦੋਂ ਕਿ ਸਾਲ 2020 ਵਿੱਚ ਉਹ 41ਵੇਂ ਅਤੇ ਸਾਲ 2019 ਵਿੱਚ 34ਵੇਂ ਨੰਬਰ ‘ਤੇ ਸੀ। ਇਹ ਜਾਣਿਆ ਜਾਂਦਾ ਹੈ ਕਿ ਸੀਤਾਰਮਨ ਭਾਰਤੀ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਹੈ। ਖਾਸ ਗੱਲ ਇਹ ਹੈ ਕਿ ਫੋਰਬਸ ਦੀ ਸੂਚੀ ‘ਚ ਨਿਰਮਲਾ ਸੀਤਾਰਮਨ ਅਮਰੀਕੀ ਖਜ਼ਾਨਾ ਸਕੱਤਰ ਜੇਨੇਟ ਯੇਲੇਨ ਤੋਂ ਅੱਗੇ ਹਨ, ਯੇਲੇਨ ਇਸ ਸੂਚੀ ‘ਚ 39ਵੇਂ ਨੰਬਰ ‘ਤੇ ਹਨ।