ਚੰਡੀਗੜ੍ਹ-(ਪੁਨੀਤ ਕੌਰ) ਦਿੱਲੀ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਪ੍ਰਧਾਨ ਭਗਵੰਤ ਮਾਨ ਸਮੇਤ ਹਰ ਪਾਰਟੀ ਦਾ ਲੀਡਰ ਆਪਣੇ-ਆਪ ਨੂੰ ਤਾਕਤਵਾਰ ਸਮਝ ਰਿਹਾ ਹੈ। ਹਰ ਪਾਰਟੀ ਦੇ ਲੀਡਰ ਨੂੰ ਹੁਣ ਇਹ ਜਾਪ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਵੋਟਾਂ ਦੇ ਕੇ ਜਤਾਇਆ ਹੈ,ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਆਪਣੀ ਹਮਾਇਤ ਦੇਣਗੇ। ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਮਿਲ ਰਹੇ ਹਨ। ਉਨ੍ਹਾਂ ਵੱਲੋਂ ਲਗਾਤਾਰ ਪ੍ਰੈੱਸ ਕਾਨਫਰੰਸ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵਿੱਚੋਂ ਬਾਗੀ ਹੋਏ ਲੀਡਰਾਂ ਨੂੰ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਨਾਮ ਵੀ ਅਸਿੱਧੇ ਤੌਰ ‘ਤੇ ਜੋੜਿਆ ਜਾ ਰਿਹਾ ਹੈ,ਜੋ ਕਿਸੇ ਵੇਲੇ ਕਾਂਗਰਸ ਪਾਰਟੀ ਛੱਡ ਕੇ ‘ਆਪ ਪਾਰਟੀ ਵਿੱਚ ਚਲੇ ਗਏ ਸਨ ਤੇ ਫਿਰ ‘ਆਪ ਦੀਆਂ ਨੀਤੀਆਂ ਨੂੰ ਨਕਾਰ ਕੇ ‘ਆਪ ਪਾਰਟੀ ਨੂੰ ਵੀ ਛੱਡ ਗਏ ਸਨ।
ਇਨ੍ਹਾਂ ਚਰਚਾਵਾਂ ‘ਤੇ ਸੁਖਪਾਲ ਖਹਿਰਾ ਨੇ ਭਗਵੰਤ ਮਾਨ,ਅਰਵਿੰਦ ਕੇਜਰੀਵਾਲ ਤੇ ਮੀਡੀਆ ਨੂੰ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ “ਅਸੀਂ ਲੰਮੇ ਪੈ ਕੇ ਆਮ ਆਦਮੀ ਪਾਰਟੀ ਵਿੱਚ ਵਾਪਿਸ ਜਾਣ ਲਈ ਕਿਸੇ ਵੀ ਕੀਮਤ ‘ਤੇ ਤਿਆਰ ਨਹੀਂ ਹਾਂ। ਜਿਹੜੇ ਵਖਰੇਵਿਆਂ ਕਰਕੇ ਮੈਂ ਪਾਰਟੀ ਨੂੰ ਛੱਡਿਆ ਹੈ,ਉਹ ਮੁੱਦੇ ਅੱਜ ਵੀ ਮੇਰੇ ਲਈ ਅਹਿਮੀਅਤ ਰੱਖਦੇ ਹਨ।“ ਉਨ੍ਹਾਂ ਨੇ ਪੰਜਾਬੀਆਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੜ ਤੋਂ ਪਾਰਟੀ ‘ਚ ਵਾਪਿਸ ਆਉਣ ਦੀ ਪੇਸ਼ਕਸ਼ ਆਉਂਦੀ ਹੈ ਤਾਂ ਉਹ ਪਹਿਲਾਂ ਇਨ੍ਹਾਂ ਸਾਰਿਆਂ ਮੁੱਦਿਆਂ ‘ਤੇ ਚਰਚਾ ਕਰਨਗੇ,ਉਸ ਤੋਂ ਬਾਅਦ ਕੋਈ ਫੈਸਲਾ ਲੈਣਗੇ। ਇਸਦੇ ਨਾਲ ਹੀ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਮੀਡੀਆ ਨੂੰ ਉਨ੍ਹਾਂ ਵੱਲੋਂ ਪਾਰਟੀ ਛੱਡਣ ਦੇ ਕਾਰਨਾਂ ਬਾਰੇ,ਖਾਸ ਤੌਰ ‘ਤੇ ਬਿਕਰਮਜੀਤ ਮਜੀਠੀਆ ਵਾਲੀ ਗੱਲ ਯਾਦ ਕਰਵਾਈ ।