‘ਦ ਖ਼ਾਲਸ ਬਿਊਰੋ :- ਬ੍ਰਿਟਿਸ਼ ਸਿੱਖ ਡਾਕਟਰਾਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਹਸਪਤਾਲਾਂ ’ਚ ਡਿਊਟੀ ਨਹੀਂ ਦਿੱਤੀ ਜਾ ਰਹੀ ਹੈ। ਸਿੱਖਾਂ ਦੇ ਦਾੜ੍ਹੀ ਹੋਣ ਕਰਕੇ ਉਨ੍ਹਾਂ ਨੂੰ ਚਿਹਰੇ ਢੱਕਣ ਲਈ ਦਿੱਤੇ ਜਾਂਦੇ ਸੁਰੱਖਿਆ ਮਾਸਕ ਫਿਟ ਨਹੀਂ ਬੈਠ ਰਹੇ ਹਨ। ਇਸ ਕਾਰਨ ਸਿੱਖਾਂ ਨੂੰ ਕੋਰੋਨਾਵਾਇਰਸ ਦੇ ਪੀੜਤਾਂ ਦਾ ਇਲਾਜ ਕਰਨ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਦਾੜ੍ਹੀ ਸ਼ੇਵ ਕਰਕੇ ਆਉਣ ਲਈ ਆਖਿਆ ਜਾ ਰਿਹਾ ਹੈ। ਸਿੱਖ ਡਾਕਟਰਾਂ ਨੇ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਨੂੰ ਬਹਿਤਰ ਨਿੱਜੀ ਸੁਰੱਖਿਆ ਉਪਕਰਨ ਖ਼ਰੀਦਣ ਲਈ ਕਿਹਾ ਹੈ। ਸਿੱਖ ਡਾਕਟਰਸ ਐਸੋਸੀਏਸ਼ਨ ਨੂੰ ਅਜਿਹੇ ਪੰਜ ਸਿੱਖ ਡਾਕਟਰਾਂ ਤੋਂ ਰਿਪੋਰਟਾਂ ਮਿਲੀਆਂ ਹਨ ਜਿਨ੍ਹਾਂ ਨੂੰ ਐੱਨਐੱਚਐੱਸ ਹਸਪਤਾਲਾਂ ਦੀ ਸ਼ਿਫ਼ਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਐਸੋਸੀਏਸ਼ਨ ਦੇ ਚੇਅਰਪਰਸਨ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਚਿਹਰੇ ਦੇ ਵਿਸ਼ੇਸ਼ ਸੁਰੱਖਿਆ ਮਾਸਕਾਂ ਦੀ ਘਾਟ ਕਾਰਨ ਇਹ ਸਮੱਸਿਆ ਖੜ੍ਹੀ ਹੋਈ ਹੈ। ਉਂਜ ਵਿਸ਼ੇਸ਼ ਮਾਸਕ ਮੁਹੱਈਆ ਕਰਵਾ ਕੇ ਇਨ੍ਹਾਂ ਡਾਕਟਰਾਂ ਦਾ ਮਸਲਾ ਹੱਲ ਕਰ ਲਿਆ ਗਿਆ ਹੈ। ਸਿੱਖ ਕੌਂਸਿਲ ਯੂਕੇ ਨੇ ਵੀ ਐੱਨਐੱਚਐੱਸ ਇੰਗਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਪੱਤਰ ਲਿਖ ਕੇ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।