The Khalas Tv Blog International ਲਾਹੌਰ ‘ਚ 300 ਸਾਲ ਪੁਰਾਤਨ ਹੱਥ ਲਿਖਤ ਬੀੜ ਨੂੰ ਗੁਰਦੁਆਰਾ ਸਾਹਿਬ ‘ਚ ਕੀਤਾ ਜਾਵੇ ਸੁਸ਼ੋਭਿਤ- ਸਿੱਖ ਭਾਈਚਾਰਾ
International

ਲਾਹੌਰ ‘ਚ 300 ਸਾਲ ਪੁਰਾਤਨ ਹੱਥ ਲਿਖਤ ਬੀੜ ਨੂੰ ਗੁਰਦੁਆਰਾ ਸਾਹਿਬ ‘ਚ ਕੀਤਾ ਜਾਵੇ ਸੁਸ਼ੋਭਿਤ- ਸਿੱਖ ਭਾਈਚਾਰਾ

‘ਦ ਖ਼ਾਲਸ ਬਿਊਰੋ:- ਲਾਹੌਰ ਮਿਊਜ਼ੀਅਮ ‘ਚ ਪ੍ਰਦਰਸ਼ਿਤ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਤੀ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕਰੀਬ 300 ਸਾਲ ਪੁਰਾਣੀ ਇਸ ਬੀੜ ਨੂੰ ਗੁਰਦੁਆਰਾ ਸਾਹਿਬ ‘ਚ ਸੁਸ਼ੋਭਿਤ ਕੀਤਾ ਜਾਵੇ।

ਮਾਹਿਰਾਂ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਬਹੁਤ ਹੀ ਦੁਰਲੱਭ ਹਨ। ਰਿਸਰਚਰ ਤੇ ਲਾਹੌਰ ਸਥਿਤ ਮਿਊਜ਼ੀਅਮ ‘ਚ ਸਿੱਖ ਧਰਮ ਸੈਕਸ਼ਨ ਦੇ ਇੰਚਾਰਜ ਅਲਿਜ਼ਾ ਸਾਬਾ ਰਿਜ਼ਵੀ ਨੇ ਕਿਹਾ ਕਿ ਇਸ ਪਾਵਨ ਸਰੂਪ ‘ਤੇ ਕੋਈ ਤਾਰੀਕ ਨਹੀਂ ਲਿਖੀ ਗਈ ਪਰ ਸਿਆਹੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਰੂਪ ਕਰੀਬ 300 ਸਾਲ ਪੁਰਾਣਾ ਹੋਵੇਗਾ।

ਰਿਜ਼ਵੀ ਦੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਵੱਖ-ਵੱਖ ਵਿਅਕਤੀਆਂ ਵੱਲੋਂ ਦਿੱਤੀ ਡੋਨੇਸ਼ਨ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਰਲੱਭ ਕਾਪੀ ਹੈ ਤੇ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਸਰੂਪ ਹਰਿਮੰਦਰ ਸਾਹਿਬ ਵਿਖੇ ਵੀ ਸੁਸ਼ੋਭਿਤ ਹੈ।

ਹੁਣ ਪਾਕਿਸਤਾਨ ਵਿਚਲੇ ਸਿੱਖਾਂ ਦੀ ਮੰਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਲਾਹੌਰ ਵਿਖੇ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿਚਕਾਰ ਉਸ ਥਾਂ ‘ਤੇ ਸਥਿਤ ਹੈ ਜਿੱਥੇ 1606 ਈ: ‘ਚ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

ਪਾਕਿਸਤਾਨ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ‘ਚ ਹੀ ਹੋਣਾ ਚਾਹੀਦਾ ਹੈ। ਇਸ ਨੂੰ ਦੂਜੀਆਂ ਕਿਤਾਬਾਂ ਦੇ ਨਾਲ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਸੁਝਾਅ ਦਿੱਤਾ ਕਿ ਮਿਊਜ਼ੀਅਮ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਰਲੱਭ ਸਰੂਪ ਗੁਰਦੁਆਰੇ ਨੂੰ ਸੌਂਪ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਸਰਕਾਰੀ ਕਾਲਜ ਲਾਹੌਰ ਦੇ ਸੀਨੀਅਰ ਪ੍ਰੋਫੈਸਰ ਕਲਿਆਨ ਸਿੰਘ ਕਲਿਆਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਿਤ ਪਵਿੱਤਰ ਲਿਖਤਾਂ ਮੁਲਤਾਨ ਮਿਊਜ਼ੀਅਮ ਤੇ ਦਿਆਲ ਸਿੰਘ ਟਰੱਸਟ ਲਾਹੌਰ ‘ਚ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਸੰਯੁਕਤ ਰਾਸ਼ਟਰ ਕੋਲ ਵੀ ਪਈ ਹੈ।

Exit mobile version