‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖ਼ਰੀਦ ਦੀ ਮੁਕੰਮਲ ਤਿਆਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ 15 ਅਪ੍ਰੈਲ ਤੋਂ ਸਾਰੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕੇ ਕਣਕ ਦੀ ਖ਼ਰੀਦ ਲਈ 1867 ਖ਼ਰੀਦ ਕੇਂਦਰ ਅਤੇ 1824 ਰਾਈਸ ਮਿਲਾਂ ਨੂੰ ਮੰਡੀ ਯਾਰਡ ‘ਚ ਐਲਾਨਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਲੋੜ ਅਨੁਸਾਰ ਕਣਕ ਦੀਆਂ ਬੋਰੀਆਂ ਸਪਲਾਈ ਕਰਨ ਤੇ ਨਾਲ ਹੀ ਕਣਕ ਦੀ ਬੋਲੀ ਦਾ ਸਮਾਂ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਨਿਰਧਾਰਤ ਕੀਤਾ ਗਿਆ।
ਪੰਜਾਬ ਰਾਜ ਵਿੱਚ 15 ਅਪ੍ਰੈਲ 2020 ਤੋਂ ਰੱਬੀ ਸੀਜ਼ਨ 2020-21 ਦੀ ਫ਼ਸਲ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ ਇਸ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।
ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ 1925/- ਰੁਪਏ ਤੇ ਸਮੂਹ ਖ਼ਰੀਦ ਏਜੰਸੀਆਂ ਸਮੇਤ ਐਫ.ਸੀ.ਆਈ.ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ 135 ਲੱਖ ਟਨ ਕਣਕ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਦੇ ਮੱਦੇਨਜ਼ਰ ਪਨਗਰੇਨ 26% (35.10), ਮਾਰਕਫੈਡ 23.50% (31.72), ਪਨਸਪ 21.50% (29.02), ਵੇਅਰ ਹਾਊਸ 14% (18.90) ਅਤੇ ਐਫ.ਸੀ.ਆਈ 15% (20.25) ਵਿਚਕਾਰ ਕਣਕ ਦੀ ਖ਼ਰੀਦ ਦੇ ਸ਼ੇਅਰ/ਟੀਚੇ ਨਿਰਧਾਰਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਆਸ਼ੂ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਰਾਜ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ 1867 ਖਰੀਦ ਕੇਂਦਰ ਅਤੇ 1824 ਰਾਈਸ ਮਿਲਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਦੀ ਲਿਕਿੰਗ ਪਲਾਨ ਅਨੁਸਾਰ ਖ਼ਰੀਦ ਏਜੰਸੀਆਂ ਵਿਚਕਾਰ ਅਲਾਟਮੈਂਟ ਕੀਤੀ ਜਾ ਚੁੱਕੀ ਹੈ।
ਰਾਜ ਸਰਕਾਰ ਵੱਲੋਂ ਰੱਬੀ ਸੀਜ਼ਨ 2020-21 ਦੌਰਾਨ ਸੈਂਟਰਲ ਪੂਲ ਲਈ ਕਣਕ ਦੀ ਖ਼ਰੀਦ ਕਰਨ ਸਬੰਧੀ ਏਜੰਸੀਆਂ ਵੱਲੋਂ 50 ਕਿਲੋ ਦੀ ਭਰਤੀ ਦੀਆਂ ਨਵੀਆਂ ਜੂਟ/ਐੱਚ.ਡੀ.ਪੀ.ਈ/ਪੀ.ਪੀ ਬੋਰੀਆਂ ਦਾ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਭਰਾਈ ਲਈ ਲੋੜੀਂਦੀਆਂ 30 ਕਿਲੋ ਕਪੈਸਟੀ ਦੀਆਂ ਬੋਰੀਆਂ ਦਾ ਪ੍ਰਬੰਧ ਪਨਗਰੇਨ ਵੱਲੋ ਕੀਤਾ ਗਿਆ ਹੈ। ਇਸ ਪ੍ਰਬੰਧ ਤਹਿਤ ਹਰ ਇੱਕ ਜਿਲ੍ਹੇ ਵਿੱਚ ਲੋੜ ਅਨੁਸਾਰ ਬਾਰਦਾਨਾ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀ ਬੋਰਡ ਵੱਲੋਂ ਮੰਡੀਵਾਈਜ਼, ਆੜ੍ਹਤੀ ਵਾਈਜ਼ ਜਾਰੀ ਕੀਤੇ ਟੋਕਨਾਂ ਅਨੁਸਾਰ ਹੀ ਬਾਰਦਾਨਾ ਮੰਡੀ ਵਿੱਚ ਭੇਜਦੇ ਹੋਏ ਸਬੰਧਤ ਆੜ੍ਹਤੀਆਂ ਨੂੰ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀਆਂ ਬੋਰੀਆਂ ਤੇ ਨੀਲੇ ਰੰਗ ਦਾ ਛਾਪਾ ਨੀਲੇ ਰੰਗ ਦੇ ਧਾਗੇ ਨਾਲ ਸਿਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ।